JALANDHAR WEATHER

ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਵਧਣ ਨਾਲ ਬਾਘੂਵਾਲ, ਕੰਮੇਵਾਲ ਤੇ ਹੋਰ ਪਿੰਡਾਂ ਦੇ ਖੇਤ ਮੁੜ ਪਾਣੀ ਵਿਚ ਡੁੱਬੇ

ਕਪੂਰਥਲਾ, 18 ਸਤੰਬਰ (ਅਮਰਜੀਤ ਕੋਮਲ)- ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਐਡਵਾਂਸ ਧੁੱਸੀ ਬੰਨ੍ਹ ਤੋਂ ਪਿੰਡ ਕੰਮੇਵਾਲ ਨੂੰ ਜਾਂਦੀ ਸੜਕ ਦਾ 30 ਫੁੱਟ ਤੋਂ ਵੱਧ ਹਿੱਸਾ ਪਾਣੀ ਵਿਚ ਰੁੜ੍ਹ ਜਾਣ ਕਾਰਨ ਪਿੰਡ ਕੰਮੇਵਾਲ ਦਾ ਸੰਪਰਕ ਦੂਜੇ ਪਿੰਡਾਂ ਨਾਲੋਂ ਟੁੱਟ ਗਿਆ ਹੈ। ਪਿਛਲੇ ਦਿਨੀਂ ਜਿਹੜੇ ਲੋਕ ਧੁੱਸੀ ਬੰਨ੍ਹ ’ਤੇ ਬੈਠੇ ਸਨ, ਉਹ ਆਪਣੇ ਘਰਾਂ ਨੂੰ ਪਰਤ ਗਏ ਸਨ, ਪ੍ਰੰਤੂ ਹੁਣ ਪਾਣੀ ਵਧਣ ਨਾਲ ਵੱਡੀ ਗਿਣਤੀ ਵਿਚ ਲੋਕ ਮੁੜ ਐਡਵਾਂਸ ਬੰਨ੍ਹ ’ਤੇ ਤਰਪਾਲਾਂ ਦੇ ਤੰਬੂਆਂ ਵਿਚ ਬੈਠੇ ਹਨ। ਪਾਣੀ ਵਧਣ ਕਾਰਨ ਪਿੰਡ ਬਾਘੂਵਾਲ, ਕੰਮੇਵਾਲ, ਚਿਰਾਗਵਾਲਾ, ਮੰਡ ਸਾਬਕਾ ਦੇਸਲ ਤੇ ਜਲਾਲਾਬਾਦ ਦੀ 4 ਹਜ਼ਾਰ ਏਕੜ ਫ਼ਸਲ ਪਹਿਲਾਂ ਹੀ ਹੜ੍ਹ ਨਾਲ ਬਰਬਾਦ ਹੋ ਚੁੱਕੀ ਹੈ ਤੇ ਜਿਹੜੇ ਖੇਤਾਂ ਵਿਚ ਪਿਛਲੇ ਦਿਨਾਂ ਵਿਚ ਪਾਣੀ ਸੁੱਕ ਗਿਆ ਸੀ, ਉਨ੍ਹਾਂ ਖੇਤਾਂ ਵਿਚ ਮੁੜ 2 ਤੋਂ ਲੈ ਕੇ 3 ਫੁੱਟ ਤੱਕ ਪਾਣੀ ਭਰ ਗਿਆ ਹੈ।


ਪਿੰਡ ਬਾਘੂਵਾਲ ਦੇ ਦਰਿਆ ਬਿਆਸ ਵਾਲੇ ਪਾਸੇ ਵੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਪਿੰਡ ਕੰਮੇਵਾਲ ਤੇ ਪਿੰਡ ਬਾਘੂਵਾਲ ਦੇ ਲੋਕਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਦਰਿਆ ਬਿਆਸ ਵਿਚ ਪਾਣੀ ਦਾ ਵਹਾਅ ਵੱਧ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਅਗਲੇ 15 ਦਿਨ ਵੀ ਜ਼ਮੀਨ ਵਿਚੋਂ ਪਾਣੀ ਸੁੱਕਣ ਦੇ ਕੋਈ ਆਸਾਰ ਨਹੀਂ। ਲੋਕਾਂ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਦੇ ਪਿੰਡ ਤੋਂ ਦਰਿਆ ਬਿਆਸ ਭਾਵੇਂ ਡੇਢ ਕਿਲੋਮੀਟਰ ਤੋਂ ਵੱਧ ਦੂਰੀ ’ਤੇ ਵਗ ਰਿਹਾ ਹੈ, ਪਰ ਪਾਣੀ ਵਧਣ ਕਾਰਨ ਮੁੜ ਐਡਵਾਂਸ ਧੁੱਸੀ ਬੰਨ੍ਹ ਲੱਗ ਗਿਆ ਹੈ। ਕੰਮੇਵਾਲ ਦੇ ਲੋਕਾਂ ਨੇ ਦੱਸਿਆ ਕਿ ਸਕੂਲ ਪੜ੍ਹਦੇ ਬੱਚੇ ਤੇ ਔਰਤਾਂ ਵੀ ਇਕ ਬੇੜੀ ਦੇ ਜ਼ਰੀਏ ਪਿੰਡ ਵੱਲ ਜਾਂਦੀਆਂ ਹਨ। ਪਿੰਡ ਕੰਮੇਵਾਲ ਦੇ ਦੁਆਲੇ ਵੀ ਪਾਣੀ ਦਾ ਪੱਧਰ ਵਧ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਸ ਸੀ ਕਿ ਖੇਤਾਂ ਵਿਚੋਂ ਪਾਣੀ ਸੁੱਕ ਜਾਣ ਤੋਂ ਬਾਅਦ ਉਹ ਗਾਜਰਾਂ ਤੇ ਹੋਰ ਅਗੇਤੀਆਂ ਫ਼ਸਲਾਂ ਬੀਜਣਾ ਚਾਹੁੰਦੇ ਸਨ, ਪਰ ਦਰਿਆ ਬਿਆਸ ਨੇ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ