ਦੋ ਗਊਆਂ ਤੇ ਇਕ ਬੱਕਰੀ ਦੀ ਭੇਤਭਰੀ ਹਾਲਤ 'ਚ ਮੌਤ

ਬਲਾਚੌਰ, 17 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਦੇ ਨਜ਼ਦੀਕੀ ਪਿੰਡ ਠਠਿਆਲਾ ਬੇਟ ਵਿਖੇ ਭੇਤਭਰੀ ਹਾਲਤ ਵਿਚ ਦੋ ਗਊਆਂ ਤੇ ਇਕ ਬੱਕਰੀ ਦੀ ਭੇਤਭਰੀ ਹਾਲਤ ਮੌਤ ਹੋ ਗਈ। ਲੋੜਵੰਦ ਪਰਿਵਾਰ ਨਾਲ ਸੰਬੰਧਿਤ ਸੌਰਵ ਪੁੱਤਰ ਸਵ. ਸੁਰਿੰਦਰ ਕੁਮਾਰ ਬਿੱਟੂ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਅੱਜ ਸਵੇਰੇ ਪਸ਼ੂਆਂ ਦੇ ਵਾੜੇ ਗਿਆ ਤਾਂ ਦੋ ਗਊਆਂ ਤੇ ਇਕ ਬੱਕਰੀ ਮਰੀ ਪਾਈ ਗਈ। ਉਨ੍ਹਾਂ ਦਾ ਸਰੀਰ ਨੀਲਾ ਸੀ ਅਤੇ ਜਦੋਂ ਦੇਖਿਆ ਕਿ ਇਕ ਆਟੇ ਦੇ ਪੇੜੇ ਵਿਚ ਨੀਲਾ ਜਿਹਾ ਪਦਾਰਥ ਸੀ, ਜਿਸ ਤੋਂ ਕਾਫੀ ਤਿੱਖੀ ਸਮੈਲ ਆ ਰਹੀ ਸੀ। ਇਹ ਪੇੜਾ ਤੀਜੀ ਗਊ ਦੇ ਬਿਲਕੁਲ ਕੋਲ ਸੀ ਜਿਹੜੀ ਨਾ ਖਾਣ ਕਾਰਨ ਬਚ ਗਈ। ਉਨ੍ਹਾਂ ਦੋਸ਼ ਲਾਇਆ ਕਿ ਕਿਸੇ ਨੇ ਜ਼ਹਿਰ ਦੇ ਕੇ ਦੋ ਗਊਆਂ ਤੇ ਬੱਕਰੀ ਨੂੰ ਮਾਰਿਆ ਹੈ। ਸਰਪੰਚ ਤਰਸੇਮ ਸਿੰਘ ਰਾਣਾ ਨੇ ਦੱਸਿਆ ਕਿ ਜੇਕਰ ਕੋਈ ਇਸ ਪਰਿਵਾਰ ਨਾਲ ਰੰਜਿਸ਼ ਰੱਖਦਾ ਹੈ ਤਾਂ ਉਹ ਸਿੱਧੀ ਗੱਲ ਕਰਦਾ। ਇਨ੍ਹਾਂ ਦਾ ਕੀ ਕਸੂਰ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਫ. ਆਈ. ਆਰ. ਦਰਜ ਕਰਵਾ ਦਿੱਤੀ ਹੈ।