ਸੜਕ ਹਾਦਸੇ 'ਚ ਗੰਭੀਰ ਜ਼ਖਮੀ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

ਭਵਾਨੀਗੜ੍ਹ (ਸੰਗਰੂਰ), 17 ਸਤੰਬਰ (ਲਖਵਿੰਦਰ ਪਾਲ ਗਰਗ)-ਬੀਤੇ ਦਿਨ ਦੇਰ ਸ਼ਾਮ ਨੂੰ ਪਿੰਡ ਮੁਨਸ਼ੀਵਾਲਾ ਤੋਂ ਨਮਾਦੇ ਨੂੰ ਜਾਂਦੀ ਸੜਕ ’ਤੇ ਇਕ ਸ਼ੈਲਰ ਕੋਲ ਪਿੰਡ ਨਮਾਦੇ ਦੇ ਮੇਲੇ ਤੋਂ ਘਰ ਵਾਪਸ ਆਉਂਦਿਆਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਸਾਹਮਣੇ ਤੋਂ ਆਉਂਦੇ ਮੋਟਰਸਾਈਕਲ ਵਲੋਂ ਟੱਕਰ ਮਾਰ ਦੇਣ ਕਾਰਨ ਨੌਜਵਾਨ ਦੀ ਮੌਤ ਹੋਣ ਅਤੇ ਦੂਜੇ ਮੋਟਰਸਾਈਕਲ ਸਵਾਰ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਇਸ ਸਬੰਧੀ ਬਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਖੇੜੀ ਗਿੱਲਾ ਵਲੋਂ ਪੁਲਿਸ ਕੋਲ ਲਿਖਾਏ ਗਏ ਬਿਆਨਾਂ ’ਚ ਕਿਹਾ ਕਿ ਉਹ ਤੇ ਉਸ ਦੇ ਤਾਏ ਦਾ ਲੜਕਾ ਕੁਲਦੀਪ ਸਿੰਘ ਉਮਰ 35 ਸਾਲ ਆਪਣੇ-ਆਪਣੇ ਮੋਟਰਸਾਈਕਲਾਂ ਰਾਹੀਂ ਪਿੰਡ ਨਮਾਦੇ ਦੇ ਮੇਲੇ ਤੋਂ ਆਪਣੇ ਘਰ ਵਾਪਸ ਆ ਰਹੇ ਸੀ ਤਾਂ ਜਦੋਂ ਉਹ ਇਕ ਸੈਲਰ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਪਿੰਡ ਮੁਨਸ਼ੀਵਾਲਾ ਵਲੋਂ ਆ ਰਹੇ ਇਕ ਮੋਟਰਸਾਈਕਲ ਚਾਲਕ ਵਲੋਂ ਕੁਲਦੀਪ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਕਾਰਨ ਉਹ ਦੋਵੇਂ ਸੜਕ ’ਤੇ ਡਿੱਗ ਗਏ ਤੇ ਗੰਭੀਰ ਜ਼ਖ਼ਮੀ ਹੋ ਗਏ, ਜਿਸ ਨੂੰ ਚੁੱਕ ਕੇ ਇਲਾਜ ਲਈ ਸਥਾਨਕ ਹਸਪਤਾਲ ਲਿਆਂਦਾ ਗਿਆ ਜਿਥੇ ਜ਼ਖ਼ਮਾਂ ਦੀ ਤਾਬ ਨੂੰ ਨਾ ਝੱਲਦਿਆਂ ਕੁਲਦੀਪ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਸੁਖਦੇਵ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਦਵਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਦੀਵਾਨਗੜ੍ਹ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਹਾਦਸੇ ’ਚ ਦਵਿੰਦਰ ਸਿੰਘ ਦੇ ਵੀ ਗੰਭੀਰ ਸੱਟਾਂ ਲੱਗਣ ਕਾਰਨ ਉਹ ਪਟਿਆਲੇ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਅਧੀਨ ਹੈ।