ਭਾਈ ਸੰਦੀਪ ਸਿੰਘ 'ਤੇ ਢਾਹਿਆ ਗਿਆ ਅਣਮਨੁੱਖੀ ਤਸ਼ੱਦਦ ਸਿੱਖ ਸੰਗਤ ਬਰਦਾਸ਼ਤ ਨਹੀਂ ਕਰੇਗੀ - ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਟਿਆਲਾ ਜੇਲ੍ਹ ਵਿਚ ਬੰਦ ਭਾਈ ਸੰਦੀਪ ਸਿੰਘ ਉਪਰ ਹੋਏ ਅਣਮਨੁੱਖੀ ਤਸ਼ੱਦਦ ਦਾ ਸਖ਼ਤ ਨੋਟਿਸ ਲੈਂਦੇ ਹੋਏ ਕਿਹਾ ਕਿ ਇਸ ਨੂੰ ਕਦੇ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਨੂੰ ਇਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਟਾਰਗੇਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਈ ਸੰਦੀਪ ਸਿੰਘ ਪਿਛਲੇ ਤਿੰਨ ਸਾਲ ਦੇ ਲਗਭਗ ਜੇਲ੍ਹ ਵਿਚ ਬੰਦ ਹਨ, ਇਸ ਵਕਫੇ ਦੌਰਾਨ ਭਾਈ ਸੰਦੀਪ ਸਿੰਘ ਦਾ ਰਿਕਾਰਡ ਬੇਹੱਦ ਵਧੀਆ ਰਿਹਾ ਹੈ, ਇਸ ਰਿਕਾਰਡ ਦੇ ਆਧਾਰ ਉਤੇ ਹੀ ਭਾਈ ਸੰਦੀਪ ਸਿੰਘ ਦੀ ਜ਼ਮਾਨਤ ਤੈਅ ਸੀ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਭਾਈ ਸੰਦੀਪ ਸਿੰਘ ਮਾਮਲੇ ਵਿਚ ਸਾਜ਼ਿਸ਼ ਨੂੰ ਪੂਰਾ ਕਰਨ ਦੀ ਵਿਉਂਤਬੰਦੀ ਹੇਠ ਜਾਣ-ਬੁੱਝ ਕੇ ਐਨਕਾਉਂਟਰ ਕਰਨ ਵਾਲੇ ਸਾਬਕਾ ਪੁਲਿਸ ਅਫ਼ਸਰਾਂ ਨੂੰ ਭਾਈ ਸੰਦੀਪ ਸਿੰਘ ਦੀ ਬੈਰਕ ਵਿਚ ਰੱਖਿਆ। ਬੈਰਕ ਵਿਚ ਹੋਏ ਝਗੜੇ ਦੀ ਜੁਡੀਸ਼ੀਅਲ ਜਾਂਚ ਕਰਵਾਉਣ ਤੋਂ ਇਨਕਾਰੀ ਹੋ ਚੁੱਕੇ ਜੇਲ੍ਹ ਪ੍ਰਸ਼ਾਸਨ ਨੇ ਕਈ ਘੰਟੇ ਤੱਕ ਭਾਈ ਸੰਦੀਪ ਸਿੰਘ ਉਪਰ ਅਣਮਨੁੱਖੀ ਤਸ਼ੱਦਦ ਢਾਹਿਆ। ਉਨ੍ਹਾਂ ਕਿਹਾ ਕਿ ਭਾਈ ਸੰਦੀਪ ਸਿੰਘ ਦਾ ਤੁਰੰਤ ਮੈਡੀਕਲ ਕਰਵਾਇਆ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਸੰਦੀਪ ਸਿੰਘ ਮਾਮਲੇ ਵਿਚ ਜੁਡੀਸ਼ੀਅਲ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਭਾਈ ਸੰਦੀਪ ਸਿੰਘ ਨੂੰ ਜਿਥੇ ਤੁਰੰਤ ਮੈਡੀਕਲ ਸਹੂਲਤ ਦਿੱਤੀ ਜਾਵੇ, ਉਥੇ ਹੀ ਭਾਈ ਸੰਦੀਪ ਸਿੰਘ ਦੇ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਮਿਲੇ। ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾ ਮਨੁੱਖੀ ਹੱਕਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਲੜਦੀ ਰਹੀ ਹੈ ਤੇ ਜਿਥੋਂ ਤੱਕ ਵੀ ਲੜਾਈ ਲੜਨੀ ਪਈ ਲੜਾਂਗੇ।