JALANDHAR WEATHER

ਜ਼ਿਲ੍ਹੇ 'ਚ ਹੜ੍ਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਦੇ ਖ਼ਰਾਬੇ ਦੇ ਮੁਲਾਂਕਣ ਲਈ ਵਿਸ਼ੇਸ਼ ਗਿਰਦਾਵਰੀ ਸ਼ੁਰੂ

ਕਪੂਰਥਲਾ, 13 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਹੜ੍ਹ ਤੇ ਬਾਰਿਸ਼ ਦੇ ਪਾਣੀ ਨਾਲ ਖ਼ਰਾਬ ਹੋਈਆਂ ਫ਼ਸਲਾਂ ਦੇ ਖ਼ਰਾਬੇ ਦਾ ਮੁਲਾਂਕਣ ਕਰਨ ਲਈ ਵਿਸ਼ੇਸ਼ ਗਿਰਦਾਵਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ 32 ਪਟਵਾਰੀ ਇਸ ਕਾਰਜ ਵਿਚ ਜੁਟ ਗਏ ਹਨ। ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਫ਼ਸਲਾਂ ਦੇ 26 ਤੋਂ ਲੈ ਕੇ 75 ਪ੍ਰਤੀਸ਼ਤ ਖ਼ਰਾਬੇ ਲਈ 10 ਹਜ਼ਾਰ ਰੁਪਏ ਪ੍ਰਤੀ ਏਕੜ ਤੇ 76 ਤੋਂ ਲੈ ਕੇ 100 ਪ੍ਰਤੀਸ਼ਤ ਫ਼ਸਲਾਂ ਦੇ ਖ਼ਰਾਬੇ ਲਈ ਪ੍ਰਭਾਵਿਤ ਕਿਸਾਨ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਵਜੋਂ ਦਿੱਤੇ ਜਾਣਗੇ।

ਪਟਵਾਰੀ ਵਲੋਂ ਸਪੈਸ਼ਲ ਗਿਰਦਾਵਰੀ ਦੀ ਪ੍ਰਕਿਰਿਆ 2 ਹਫ਼ਤਿਆਂ ਵਿਚ ਮੁਕੰਮਲ ਕੀਤੇ ਜਾਣ ਤੋਂ ਬਾਅਦ ਸਬੰਧਿਤ ਕਾਨੂੰਗੋ 25 ਪ੍ਰਤੀਸ਼ਤ ਰਕਬੇ ਦੀ ਜਾਂਚ ਕਰੇਗਾ ਤੇ ਕਾਨੂੰਗੋ ਵਲੋਂ ਕੀਤੀ ਜਾਂਚ ਤੋਂ ਬਾਅਦ ਜੇਕਰ ਕਿਸੇ ਪਿੰਡ ਵਿਚ ਪਟਵਾਰੀ ਦੁਆਰਾ ਕੀਤੇ ਗਏ ਮੁਲਾਂਕਣ ਵਿਚ ਗੰਭੀਰ ਤਰੁੱਟੀਆਂ ਪਾਈਆਂ ਜਾਂਦੀਆਂ ਹਨ, ਉਸ ਪਿੰਡ ਵਿਚ ਫ਼ਸਲਾਂ ਦੇ ਖ਼ਰਾਬੇ ਦਾ ਮੁੜ ਮੁਲਾਂਕਣ ਕਰਕੇ ਪਟਵਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸਪੈਸ਼ਲ ਗਿਰਦਾਵਰੀ ਦੌਰਾਨ ਸ਼ਿਕਾਇਤਾਂ ਅਤੇ ਮਨਮਾਨੀਆਂ ਦੀਆਂ ਸੰਭਾਵਨਾਵਾਂ ਖ਼ਤਮ ਕਰਨ ਲਈ ਹਰੇਕ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਪ੍ਰਭਾਵਿਤ ਪਿੰਡਾਂ ਵਿਚੋਂ 10 ਪ੍ਰਤੀਸ਼ਤ ਰਕਬੇ ਦੀ ਵਿਸ਼ੇਸ਼ ਗਿਰਦਾਵਰੀ ਦੀ ਜਾਂਚ ਕਰਨਗੇ। ਇਸ ਮੰਤਵ ਲਈ ਉਨ੍ਹਾਂ ਨੂੰ 5 ਦਿਨ ਦਿੱਤੇ ਜਾਣਗੇ।

ਜੇਕਰ ਕਿਸੇ ਪਿੰਡ ਵਿਚ ਮੁਲਾਂਕਣ ਦੌਰਾਨ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਪਟਵਾਰੀ ਤੇ ਕਾਨੂੰਗੋ ਵਿਰੁੱਧ ਕਾਰਵਾਈ ਹੋਵੇਗੀ। ਇਸ ਦੋ ਪੜਾਵੀ ਜਾਂਚ ਤੋਂ ਬਾਅਦ ਸਾਹਮਣੇ ਆਈਆਂ ਸ਼ਿਕਾਇਤਾਂ ਤੇ ਇਤਰਾਜ਼ਾਂ ਦੀ ਰਿਪੋਰਟ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨੂੰ ਕਰਨਗੇ, ਜੋ ਅਗਲੇ ਤਿੰਨ ਦਿਨਾਂ ਵਿਚ ਇਸ ਦੀ ਸਮੀਖਿਆ ਕਰਨਗੇ। ਦੋਵਾਂ ਅਧਿਕਾਰੀਆਂ ਦੀ ਰਿਪੋਰਟ ਤੋਂ ਬਾਅਦ ਮੁਲਾਂਕਣ ਦੀ ਫਾਈਨਲ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਭੇਜੀ ਜਾਵੇਗੀ ਤੇ ਇਹ ਸਾਰੀ ਪ੍ਰਕਿਰਿਆ 45 ਦਿਨਾਂ ਵਿਚ ਮੁਕੰਮਲ ਹੋਣ ਤੋਂ ਬਾਅਦ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਮਿਲ ਸਕੇਗਾ। ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਪਿੰਡ ਵਿਚ ਜਾਂ ਧੁੱਸੀ ਬੰਨ੍ਹ ਦੇ ਅੰਦਰਲੇ ਪਿੰਡਾਂ ਦੇ ਰਕਬੇ ਵਿਚ 75 ਪ੍ਰਤੀਸ਼ਤ ਤੋਂ ਵੱਧ ਫ਼ਸਲ ਦਾ ਖ਼ਰਾਬਾ ਹੋਇਆ ਹੈ ਤੇ ਕੁਝ ਪਿੰਡਾਂ ਜਿਥੇ ਪਿਛਲੇ ਕਾਫ਼ੀ ਦਿਨਾਂ ਤੋਂ ਪੂਰੀ ਜ਼ਮੀਨ ਹੜ੍ਹ ਦੇ ਪਾਣੀ ਵਿਚ ਡੁੱਬੀ ਹੋਈ ਸੀ ਤੇ ਇਨ੍ਹਾਂ ਵਿਚ ਜ਼ਿਆਦਾ ਜ਼ਮੀਨਾਂ ਵਿਚ ਫ਼ਸਲ ਦਾ ਖ਼ਰਾਬਾ 75 ਪ੍ਰਤੀਸ਼ਤ ਤੋਂ ਵੱਧ ਹੋ ਸਕਦਾ ਹੈ, ਅਜਿਹੇ ਪਿੰਡਾਂ ਦੇ ਮੁਲਾਂਕਣ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਜਾਵੇਗੀ, ਜਿਸ ਵਿਚ ਮੁੱਖ ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਮਾਲ ਅਫ਼ਸਰ, ਸਬੰਧਿਤ ਉਪ ਮੰਡਲ ਮੈਜਿਸਟਰੇਟ ਤੇ ਸਬੰਧਿਤ ਖੇਤੀਬਾੜੀ ਵਿਕਾਸ ਅਫ਼ਸਰ ਸ਼ਾਮਿਲ ਹੋਣਗੇ। ਇਹ ਕਮੇਟੀ 75 ਪ੍ਰਤੀਸ਼ਤ ਤੋਂ ਵੱਧ ਨੁਕਸਾਨ ਵਾਲੇ ਪਿੰਡਾਂ ਦੀ ਸੂਚੀ ਤਿਆਰ ਕਰੇਗੀ ਤੇ ਇਨ੍ਹਾਂ ਪਿੰਡਾਂ ਵਿਚ ਪਟਵਾਰੀ ਵਲੋਂ ਵਿਸ਼ੇਸ਼ ਗਿਰਦਾਵਰੀ ਇਕ ਹਫ਼ਤੇ ਵਿਚ ਮੁਕੰਮਲ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ