ਇਨਸਾਫ ਨਾ ਮਿਲਣ 'ਤੇ ਕਿਸਾਨ ਯੂਨੀਅਨ ਨੇ ਹਸਪਤਾਲ ਦੇ ਗੇਟ ਅੱਗੇ ਲਾਇਆ ਧਰਨਾ

ਸਰਦੂਲਗੜ੍ਹ, 13 ਸਤੰਬਰ-ਸਰਕਾਰੀ ਹਸਪਤਾਲ ਦੇ ਗੇਟ ਅੱਗੇ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਦੀ ਅਗਵਾਈ ਵਿਚ ਕਿਸਾਨਾਂ ਨੇ ਇਕੱਠੇ ਹੋ ਕੇ ਚਮਕੌਰ ਸਿੰਘ ਮ੍ਰਿਤਕ ਵਿਅਕਤੀ ਦੇ ਪਰਿਵਾਰ ਵਲੋਂ ਝੁਨੀਰ ਥਾਣਾ ਵਿਖੇ ਦਿੱਤੀ ਦਰਖਾਸਤ 'ਤੇ ਮਾਮਲਾ ਦਰਜ ਨਾ ਕਰਨ ਨੂੰ ਲੈ ਕੇ ਧਰਨਾ ਲਾਇਆ, ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਅਤੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਚਮਕੌਰ ਸਿੰਘ ਪੁੱਤਰ ਮਹਿਲ ਸਿੰਘ ਪਿੰਡ ਦੇ ਹੀ ਇਕ ਗੱਗੀ ਸਿੰਘ ਨਾਮੀ ਵਿਅਕਤੀ ਨਾਲ ਮੋਟਰਸਾਈਕਲ ਉਤੇ ਗਿਆ ਸੀ, ਸ਼ਾਮ ਨੂੰ ਗੱਗੀ ਸਿੰਘ ਇਕੱਲਾ ਹੀ ਵਾਪਸ ਪਰਤਿਆ ਤੇ ਮੋਟਰਸਾਈਕਲ ਉਨ੍ਹਾਂ ਦੇ ਘਰ ਖੜ੍ਹਾ ਗਿਆ। ਉਨ੍ਹਾਂ ਵਲੋਂ ਚਮਕੌਰ ਸਿੰਘ ਜਦੋਂ ਘਰ ਨਾ ਆਇਆ ਤਾਂ ਪੁੱਛਣ ਉਤੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਝੁਨੀਰ ਥਾਣਾ ਵਿਖੇ ਦਰਖਾਸਤ ਦਿੱਤੀ ਗਈ ਪਰ ਫਿਰ ਵੀ ਕੁਝ ਪਤਾ ਨਾ ਲੱਗਿਆ। ਕਲੱਬ ਸਰਦੂਲਗੜ੍ਹ ਵਲੋਂ ਇਕ ਲਾਸ਼ ਸਰਦੂਲਗੜ੍ਹ ਦੇ ਨਜ਼ਦੀਕੀ ਪਿੰਡ ਦੇ ਸੂਏ ਕੋਲੋਂ ਲਿਆ ਕੇ ਸਿਵਲ ਹਸਪਤਾਲ ਰੱਖੀ ਗਈ, ਜਿਸ ਦੀ ਸ਼ਨਾਖਤ ਲਈ ਉਨ੍ਹਾਂ ਵਲੋਂ ਸੋਸ਼ਲ ਮੀਡੀਆ ਉਤੇ ਪਾਇਆ ਗਿਆ ਪਰ ਥਾਣਾ ਝੁਨੀਰ ਪੁਲਿਸ ਵਲੋਂ ਸ਼ਨਾਖਤ ਲਈ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ ਜਦੋਂ ਇਸ ਦਾ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਹਸਪਤਾਲ ਸਰਦੂਲਗੜ੍ਹ ਆ ਕੇ ਦੇਖਿਆ ਤਾਂ ਉਹ ਲਾਸ਼ ਚਮਕੌਰ ਸਿੰਘ ਦੀ ਹੀ ਸੀ।
ਇਸ ਦੌਰਾਨ ਕਲੱਬ ਦੇ ਪ੍ਰਧਾਨ ਕਾਕਾ ਉਪਲ ਨੇ ਦੱਸਿਆ ਕਿ ਲਾਸ਼ ਦਾ ਅੱਜ ਸਸਕਾਰ ਕੀਤਾ ਜਾਣਾ ਹੈ ਤਾਂ ਉਨ੍ਹਾਂ ਨੇ ਤੁਰੰਤ ਹੀ ਇਕੱਠੇ ਹੋ ਕੇ ਕਾਰਵਾਈ ਕਰਨ ਲਈ ਕਿਹਾ ਪਰ ਕਾਰਵਾਈ ਨਾ ਹੁੰਦੀ ਵੇਖ ਉਨ੍ਹਾਂ ਨੇ ਹਸਪਤਾਲ ਦੇ ਗੇਟ ਅੱਗੇ ਧਰਨਾ ਲਾ ਦਿੱਤਾ ਤਾਂ ਝੁਨੀਰ ਪੁਲਿਸ ਵਲੋਂ ਮ੍ਰਿਤਕ ਚਮਕੌਰ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਦੇ ਬਿਆਨਾਂ ਉਤੇ ਗੱਗੀ ਸਿੰਘ ਪੁੱਤਰ ਸੇਵਕ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਤੋਂ ਇਲਾਵਾ ਤਰਸੇਮ ਸਿੰਘ, ਜਸ ਸਿੰਘ, ਸੋਨੂ ਗਿੱਲ, ਪਾਲ ਸਿੰਘ, ਸ਼ੁਭਕਰਨ ਸਿੰਘ, ਭੋਲਾ ਆਦਿ ਮੌਜੂਦ ਸਨ।