ਕੇਂਦਰੀ ਰਾਜ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ (ਜੇ. ਐਸ. ਨਿੱਕੂਵਾਲ)-ਕੇਂਦਰੀ ਰਾਜ ਮੰਤਰੀ ਐਲ ਮੂਰਗਨ ਅੱਜ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਨੰਗਲ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਲਈ ਪੁੱਜੇ। ਇਸ ਮੌਕੇ ਉਨ੍ਹਾਂ ਵਲੋਂ ਭਾਜਪਾ ਦੇ ਆਗੂਆਂ ਨਾਲ ਟਰੈਕਟਰ ਉਤੇ ਬੈਠ ਕੇ ਸਤਲੁਜ ਦਰਿਆ ਵਸੇ ਪਿੰਡਾਂ ਹਰੀਵਾਲ, ਸ਼ਾਹਪੁਰ ਬੇਲਾ, ਬੇਲਾ ਧਿਆਨੀ ਆਦਿ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਕੇਂਦਰੀ ਰਾਜ ਮੰਤਰੀ ਹਰੀਵਾਲ ਵਿਖੇ ਸਤਲੁਜ ਦਰਿਆ ਦੇ ਟੁੱਟੇ ਡੰਗਿਆਂ ਨੂੰ ਦੇਖਣ ਲਈ ਵੀ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਹੜ੍ਹਾਂ ਦੇ ਮੁੱਦੇ ਉਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਸਗੋਂ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਬਾਂਹ ਫੜਨ ਦਾ ਹੈ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ 1600 ਕਰੋੜ ਰੁਪਏ ਦੀ ਫੌਰੀ ਰਾਹਤ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤੀ ਗਈ ਹੈ, ਜਿਥੇ ਜਿਥੇ ਨੁਕਸਾਨ ਹੋਇਆ, ਉਥੇ ਅਸੈਸਮੈਂਟ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਜਲਦ ਇਹ ਰਾਹਤ ਲੋਕਾਂ ਤੱਕ ਪੁੱਜਣੀ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਡਿਜਾਸਟਰ ਮੈਨੇਜਮੈਂਟ 12 ਹਜ਼ਾਰ ਕਰੋੜ ਰੁਪਿਆ ਪਹਿਲਾਂ ਹੀ ਸੂਬਾ ਸਰਕਾਰ ਕੋਲ ਪਿਆ ਹੈ। ਉਨ੍ਹਾਂ ਆਖਿਆ ਕਿ ਇਹ ਸਮਾਂ ਕੇਂਦਰ ਨੂੰ ਭੰਡਣ ਦਾ ਨਹੀਂ ਸਗੋਂ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨਾਲ ਡਟ ਕੇ ਖੜ੍ਹੀ ਹੈ ਤੇ ਪੰਜਾਬ ਦੇ ਲੋਕਾਂ ਦੀ ਮਦਦ ਕੇਂਦਰ ਸਰਕਾਰ ਵਲੋਂ ਲਗਾਤਾਰ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਦੀ ਫੇਰੀ ਦੌਰਾਨ ਸਤਲੁਜ ਦਰਿਆ ਨੇੜਲੇ ਪਿੰਡ ਹਰੀਵਾਲ, ਗੱਜਪੁਰ ਬੇਲਾ, ਮਹਿਦਲੀ ਕਲਾਂ, ਚੰਦਪੁਰ ਬੇਲਾ, ਨਿੱਕੂਵਾਲ ਆਦਿ ਵਲੋਂ ਸਤਲੁਜ ਦਰਿਆ ਨੂੰ ਚੈਨੇਲਾਈਜ਼ਡ ਕਰਨ ਲਈ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਡਾ. ਸੁਭਾਸ਼ ਸ਼ਰਮਾ, ਜਤਿੰਦਰ ਸਿੰਘ ਅਠਵਾਲ, ਡਾ. ਪਰਮਿੰਦਰ ਸ਼ਰਮਾ, ਨਿਰਮਲ ਸਿੰਘ ਹਰੀਵਾਲ, ਡਾ. ਗੁਰਪਾਲ ਸਿੰਘ, ਜੋਗਾ ਸਿੰਘ, ਪ੍ਰਦੀਪ ਚੰਦਪੁਰ, ਹਰਪਾਲ ਸਿੰਘ, ਰਘਵੀਰ ਸਿੰਘ ਆਦਿ ਹਾਜ਼ਰ ਸਨ।