ਬੰਨ੍ਹ ਟੁੱਟਣ ਕਾਰਨ ਪਾਣੀ ਪਹੁੰਚਿਆ ਸਸਰਾਲੀ , ਐਨ.ਡੀ.ਆਰ.ਐਫ. ਤੇ ਫੌਜ ਪੁੱਜੀ

ਲੁਧਿਆਣਾ, 5 ਸਤੰਬਰ (ਜਤਿੰਦਰ ਭੰਬੀ)- ਸਤਲੁਜ ਦਰਿਆ 'ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸਸਰਾਲੀ ਪਿੰਡ ਦੇ ਧੁਸੀ ਬੰਨ੍ਹ ਟੁੱਟ ਗਿਆ , ਜਿਸ ਕਾਰਨ ਸਤਲੁਜ ਦਰਿਆ ਦਾ ਪਾਣੀ ਫ਼ੌਜ ਅਤੇ ਰਾਹਤ ਟੀਮਾਂ ਵਲੋਂ ਬਣਾਏ ਗਏ ਅਸਥਾਈ ਬੰਨ੍ਹ ਤੱਕ ਲਗਭਗ ਦੋ-ਦੋ ਫੁੱਟ ਪਹੁੰਚ ਗਿਆ ਹੈ। ਜਿਸ ਨੂੰ ਲੈ ਕੇ ਪਿੰਡ ਵਾਸੀ ਚਿੰਤਤ ਹਨ। ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸੇ ਵੀ ਅਫਵਾਹ ਤੋਂ ਸ਼ਹਿਰ ਵਾਸੀਆਂ ਨੂੰ ਬਚਣ ਦੀ ਅਪੀਲ ਕੀਤੀ ਗਈ ਹੈ ਪਰ ਲਗਾਤਾਰ ਸਤਲੁਜ ਵਿਚ ਵਧ ਰਹੇ ਪਾਣੀ ਦੇ ਵਹਾਅ ਨੂੰ ਲੈ ਕੇ ਹਰ ਇਕ ਸ਼ਹਿਰ ਵਾਸੀ ਦੇ ਚਿਹਰੇ 'ਤੇ ਚਿੰਤਾ ਦੀਆਂ ਲਕੀਰਾਂ ਝਲਕਦੀਆਂ ਰਹੀਆਂ ਹਨ ।
ਦਿਨ ਭਰ ਜਿੱਥੇ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ ਉੱਥੇ ਹੀ ਆਸ-ਪਾਸ ਦੇ ਪਿੰਡਾਂ ਤੋਂ ਇਲਾਵਾ ਜਿਨ੍ਹਾਂ ਖੇਤਰਾਂ ਵਿਚ ਪਾਣੀ ਆਉਣ ਦੀ ਸ਼ੰਕਾ ਜਤਾਈ ਜਾ ਰਹੀ ਸੀ ਉਨ੍ਹਾਂ ਵਲੋਂ ਬਾਰ-ਬਾਰ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ । ਦੇਰ ਰਾਤ ਤੱਕ ਕੁਝ ਵੀਡਿਓ-ਆਡੀਓ ਮੀਡੀਆ ਉਪਰ ਘੁੰਮਦੀਆਂ ਰਹੀਆਂ, ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸੇ ਵੀ ਵੀਡਿਓ ਜਾਂ ਆਡੀਓ ਦੀ ਪੁਸ਼ਟੀ ਨਹੀਂ ਕੀਤੀ ਗਈ।