ਲੋਕਾਂ ਵਲੋਂ ਸੰਤ ਸੀਚੇਵਾਲ ਦੀ ਮਦਦ ਨਾਲ ਜਲੰਧਰ-ਲੋਹੀਆਂ ਸੜਕ ਆਰਜ਼ੀ ਤੌਰ 'ਤੇ ਮੁੜ ਚਾਲੂ
.jpg)

ਕਾਲਾ ਸੰਘਿਆਂ, 5 ਸਤੰਬਰ (ਬਲਜੀਤ ਸਿੰਘ ਸੰਘਾ)-ਕਾਲ਼ਾ ਸੰਘਿਆਂ ਤੋਂ ਲੰਘਦੀ ਜਲੰਧਰ-ਲੋਹੀਆਂ ਸੁਲਤਾਨਪੁਰ ਮੁੱਖ ਸੜਕ ਜੋ ਕਿ ਪਿਛਲੇ ਦਿਨੀਂ ਪਏ ਕਹਿਰ ਦੇ ਮੀਂਹ ਕਾਰਨ ਰੁੜ੍ਹ ਗਈ ਸੀ ਅਤੇ ਇਥੇ ਕਰੀਬ 5 ਫੁੱਟ ਡੂੰਘਾ ਅਤੇ 20 ਕੁ ਫੁੱਟ ਲੰਬਾ ਪਾੜ ਪੈਣ ਕਾਰਨ ਆਵਾਜਾਈ ਬਿਲਕੁਲ ਬੰਦ ਹੋ ਚੁੱਕੀ ਸੀ ਅਤੇ ਰਾਹਗੀਰਾਂ ਨੂੰ ਪਿੰਡਾਂ ਵਿਚੋਂ ਖੱਜਲ-ਖੁਆਰ ਹੋ ਕੇ ਆਪਣੀ ਮੰਜ਼ਿਲ ਵੱਲ ਜਾਣਾ ਪੈ ਰਿਹਾ ਸੀ, ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਬੀਤੇ ਚਾਰ ਦਿਨ ਪਹਿਲਾਂ ਜਦੋਂ ਇਸ ਸੜਕ ਉਤੇ ਦਰਿਆ ਵਾਂਗ ਪਾਣੀ ਵਹਿ ਰਿਹਾ ਸੀ ਤਾਂ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ. ਡੀ. ਐਮ. ਮੇਜਰ ਇਰਵਿਨ ਕੌਰ ਸਮੇਤ ਹੋਰ ਅਧਿਕਾਰੀ ਵੀ ਮੌਕੇ ਦਾ ਜਾਇਜ਼ਾ ਲੈਣ ਪੁੱਜੇ ਸਨ। ਇਹ ਸੜਕ ਬੰਦ ਹੋਣ ਕਾਰਨ ਰਾਹਗੀਰਾਂ ਦੀ ਹੁੰਦੀ ਖੱਜਲ-ਖੁਆਰੀ ਨੂੰ ਵੇਖਦਿਆਂ ਇਸ ਸੜਕ ਤੋਂ ਮੁੜ ਆਰਜ਼ੀ ਤੌਰ ਉਤੇ ਆਵਾਜਾਈ ਚਾਲੂ ਕਰਨ ਲਈ ਪਿੰਡ ਸੰਧੂ ਚੱਠਾ, ਆਧੀ, ਰਹੀਮਪੁਰ ਦੇ ਲੋਕਾਂ ਨੇ ਇਸ ਸੜਕ ਉਤੇ ਪਏ ਪਾੜ ਨੂੰ ਸਵੇਰ ਸਮੇਂ ਤੋਂ ਮਿੱਟੀ ਨਾਲ ਭਰਨਾ ਸ਼ੁਰੂ ਕੀਤਾ ਅਤੇ ਇਸੇ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਦੇ ਸੇਵਾਦਾਰ ਵੀ ਆਪਣੇ ਨਾਲ਼ ਟਿੱਪਰ, ਜੇ. ਸੀ. ਬੀ. ਮਸ਼ੀਨ ਤੇ ਹੋਰ ਸਾਜ਼ੋ-ਸਾਮਾਨ ਲੈ ਕੇ ਸਹਿਯੋਗ ਕਰਨ ਲਈ ਪਹੁੰਚ ਗਏ।
ਪਿੰਡਾਂ ਦੇ ਲੋਕਾਂ ਅਤੇ ਸੇਵਾਦਾਰਾਂ ਨੇ ਭਾਰੀ ਉਤਸ਼ਾਹ ਨਾਲ ਇਸ ਸੜਕ ਨੂੰ ਚਾਲੂ ਕਰਨ ਲਈ ਵੱਡੀ ਗਿਣਤੀ 'ਚ ਡਿੱਗੇ ਹੋਏ ਰੁੱਖ ਪਾਸੇ ਕੀਤੇ ਅਤੇ ਟਰੈਕਟਰਾਂ ਦੀ ਮਦਦ ਨਾਲ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਸੜਕ ਚਾਲੂ ਹੋਣ ਦੀ ਸਥਿਤੀ ਵਿਚ ਲੈ ਆਏ ਸਨ। ਵਰਨਣਯੋਗ ਹੈ ਕਿ ਇਸ ਸੜਕ ਦੇ ਬੰਦ ਹੋਣ ਕਾਰਨ ਨੇੜਲੇ ਇਲਾਕੇ ਦੇ ਲੋਕ ਛੋਟੀਆਂ ਸੜਕਾਂ ਤੋਂ ਵੱਖ-ਵੱਖ ਪਿੰਡਾਂ ਰਾਹੀਂ ਹੋ ਕੇ ਲੰਘ ਜਾਂਦੇ ਸਨ ਪਰ ਦੂਰ-ਦੁਰਾਡੇ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਇਹ ਸੜਕ ਲੋਹੀਆਂ, ਸੁਲਤਾਨਪੁਰ ਲੋਧੀ, ਮੱਖੂ, ਜ਼ੀਰਾ, ਹਰੀਕੇ ਹੈੱਡ ਅਤੇ ਫਿਰੋਜ਼ਪੁਰ ਤੱਕ ਨੂੰ ਜਲੰਧਰ ਨਾਲ ਜੋੜਦੀ ਹੈ ਅਤੇ ਹਰ ਰੋਜ਼ ਅਨੇਕਾਂ ਰਾਹਗੀਰ ਇਨ੍ਹਾਂ ਥਾਵਾਂ ਤੋਂ ਜਲੰਧਰ ਲਈ ਆਉਣ-ਜਾਣ ਕਰਦੇ ਹਨ, ਜਿਸ ਕਰਕੇ ਇਸ ਸੜਕ ਦਾ ਚਾਲੂ ਹੋਣਾ ਲਾਜ਼ਮੀ ਸੀ। ਇਸ ਸੜਕ ਨੂੰ ਆਰਜ਼ੀ ਤੌਰ ਉਤੇ ਮੁੜ ਚਾਲੂ ਕਰਨ ਲਈ ਸਤਵਿੰਦਰ ਸਿੰਘ ਸੋਹਲ ਸੋਨੂੰ, ਡਾ. ਸਤਪਾਲ ਪਤੀ ਸਰਪੰਚ, ਰਮਨਦੀਪ ਮਨੀ, ਪ੍ਰਦੀਪ ਸਿੰਘ ਸੰਘਾ ਰਹੀਮਪੁਰ, ਬੂਟਾ ਸਿੰਘ ਫੋਰਮੈਨ, ਕੁਲਵਿੰਦਰ ਸਿੰਘ ਨੰਬਰਦਾਰ, ਜੋਗਾ ਸਿੰਘ ਸੰਧੂ ਚੱਠਾ, ਸੰਤੋਖ ਸਿੰਘ ਢਿੱਲੋਂ, ਰਣਬੀਰ ਸਿੰਘ ਨੂਰਾ, ਮੇਜਰ ਸਿੰਘ ਆਧੀ, ਦਲਜੀਤ ਸਿੰਘ, ਜਸਪਾਲ ਸਿੰਘ, ਰਛਪਾਲ ਸਿੰਘ ਪੰਚ, ਅਵਤਾਰ ਸਿੰਘ ਰਹੀਮਪੁਰ ਆਦਿ ਬਹੁਤ ਸਾਰੇ ਲੋਕਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।