JALANDHAR WEATHER

ਪੁਲਿਸ ਨੇ ਮੇਲਾ ਛਪਾਰ ਸਬੰਧੀ ਕੀਤੇ ਸੁਰੱਖਿਆ ਦੇ ਸਖਤ ਪ੍ਰਬੰਧ- ਡੀ.ਐਸ.ਪੀ. ਖੋਸਾ

ਜਗਰਾਉਂ (ਲੁਧਿਆਣਾ), 5 ਸਤੰਬਰ (ਕੁਲਦੀਪ ਸਿੰਘ ਲੋਹਟ)-ਛਪਾਰ ਦਾ ਮੇਲਾ, ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿਚੋਂ ਇਕ ਹੈ। ਇਸ ਮੇਲੇ ਵਿਚ ਮੁੱਖ ਤੌਰ 'ਤੇ ਗੁੱਗੇ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਤੇ ਇਹ ਮੇਲਾ ਜ਼ਿਲ੍ਹਾ ਪਿੰਡ ਛਪਾਰ ਵਿਖੇ, ਹਰ ਸਾਲ ਭਾਦੋਂ ਮਹੀਨੇ ਦੀ ਚਾਣਨੀ-ਚੌਦਸ ਨੂੰ ਲੱਗਦਾ ਹੈ। ਇਸ ਮੇਲੇ ਉਤੇ ਅੱਡ-ਅੱਡ ਤਰ੍ਹਾਂ ਦੇ ਝੂਲੇ ਲੱਗਦੇ ਹਨ। ਜਿਵੇਂ ਕਿ ਚੰਡੋਲ, ਕਿਸ਼ਤੀ, ਮੌਤ ਦਾ ਖੂਹ ਆਦਿ। ਮੇਲੇ ਉਤੇ ਕਈ ਪ੍ਰਕਾਰ ਦੀਆਂ ਮਠਿਆਈਆਂ ਹੁੰਦੀਆਂ ਹਨ ਜੋ ਕਿ ਖਾਣ ਵਿਚ ਸਵਾਦ ਹੁੰਦੀਆਂ ਹਨ ਜਿਵੇ ਕਿ ਪਾਥੀਆਂ, ਗੁਲਾਬ ਜਾਮੁਨ, ਰਸਗੁੱਲੇ ਆਦਿ। ਲੋਕ ਗੁੱਗੇ ਦੀ ਮਿੱਟੀ ਕੱਢਦੇ ਹਨ। ਪੂਜਾ ਕਰਦੇ ਹਨ। ਅਜਿਹੀ ਸ਼ਰਧਾ ਭਾਵਨਾ ਕਰਕੇ ਇਸ ਮੇਲੇ ਵਿਚ ਪੰਜਾਬ ਅਤੇ ਗੁਆਂਢੀ ਰਾਜਾਂ ਤੋਂ ਵੀ ਲੋਕ ਆਉਂਦੇ ਹਨ। ਇਸ ਮੇਲੇ ਸਮੇਂ ਪਿੰਡ ਛਪਾਰ ਵਿਚ ਬਹੁਤ ਜ਼ਿਆਦਾ ਇਕੱਠ ਹੋਣ ਕਾਰਨ ਖੂਬ ਰੌਣਕਾਂ ਲੱਗਦੀਆਂ ਹਨ।

ਇਸ ਲਈ ਮੇਲੇ ਦੇ ਸੁਰੱਖਿਆ ਪ੍ਰਬੰਧ ਵੀ ਲਾਜ਼ਮੀ ਬਣ ਜਾਂਦੇ ਹਨ, ਜਿਸਦੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪੁਲਿਸ ਮੁਖੀ ਅੰਕੁਰ ਗੁਪਤਾ ਆਈ.ਪੀ.ਐਸ. ਜੀ ਦੇ ਦਿਸ਼ਾ- ਨਿਰਦੇਸ਼ਾਂ ਹੇਠ ਅਤੇ ਰਮਨਿੰਦਰ ਸਿੰਘ ਐਸ.ਪੀ. (ਐਚ) ਜਗਰਾਉਂ ਦੀਆਂ ਹਦਾਇਤਾਂ ਅਨੁਸਾਰ ਵਰਿੰਦਰ ਸਿੰਘ ਖੋਸਾ ਡੀ.ਐਸ.ਪੀ. ਦਾਖਾ ਖਾਸ ਤੌਰ ਉਤੇ ਮੇਲਾ ਛਪਾਰ ਦਾ ਨਿਰੀਖਣ ਕਰਨ ਲਈ ਛਪਾਰ ਗੁੱਗਾ ਮਾੜੀ ਪੁੱਜੇ। ਜਿਨ੍ਹਾਂ ਵਲੋਂ ਮੇਲਾ ਕਮੇਟੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ। ਡਿਊਟੀ 'ਤੇ ਤਾਇਨਾਤ ਫੋਰਸ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਮੁਸਤੈਦੀ ਨਾਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ। ਜਗਰਾਉਂ ਪੁਲਿਸ ਵਲੋਂ ਪਿੰਡ ਛਪਾਰ ਦੇ ਨਾਲ-ਨਾਲ ਲੱਗਦੇ ਪਿੰਡਾਂ ਅਤੇ ਅਹਿਮਦਗੜ੍ਹ ਸ਼ਹਿਰ ਵਿਚ ਮੇਲਾ ਛਪਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਤਾਂ ਜੋ ਇਹ ਪ੍ਰਸਿੱਧ ਇਤਿਹਾਸਕ ਮੇਲਾ ਸ਼ਾਂਤੀਪੂਰਵਕ ਨਾਲ ਨੇਪਰੇ ਚੜ੍ਹ ਸਕੇ। ਸ਼ਾਮ ਨੂੰ ਟਰੈਫਿਕ ਕੰਟਰੋਲ ਕਰਨ ਲਈ ਰੂਟ ਪਲੈਨ ਬਣਾਇਆ ਗਿਆ ਹੈ।

ਡੀ.ਐਸ.ਪੀ. ਵਰਿੰਦਰ ਸਿੰਘ ਖੋਸਾ ਵਲੋਂ ਸ਼ਾਮ ਸਮੇਂ ਮੋਟਰਸਾਈਕਲਾਂ, ਟਰੈਕਟਰਾਂ ਉਤੇ ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਮਾੜੇ ਅਨਸਰਾਂ/ਜੇਬ ਕਤਰਿਆਂ ਨੂੰ ਮੇਲਾ ਛਪਾਰ ਤੋਂ ਦੂਰੀ ਬਣਾਈ ਰੱਖਣ ਦੀ ਹਦਾਇਤ ਕੀਤੀ। ਫਿਰ ਵੀ ਕੋਈ ਮਾੜਾ ਅਨਸਰ ਮੇਲੇ ਵਿਚ ਸ਼ਰਾਰਤ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ-ਨਾਲ ਪਬਲਿਕ ਨੂੰ ਹਦਾਇਤ ਕੀਤੀ ਗਈ ਕਿ ਮੇਲੇ ਵਿਚ ਆਉਣ ਦੌਰਾਨ ਅਮਨ-ਸ਼ਾਂਤੀ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਮੋਟਰਸਾਈਕਲਾਂ, ਟਰੈਕਟਰਾਂ ਉਤੇ ਉੱਚੀ ਆਵਾਜ਼ ਵਿਚ ਹਾਰਨ ਨਾ ਮਾਰਨ ਅਤੇ ਉੱਚੀ ਆਵਾਜ਼ ਵਿਚ ਸਪੀਕਰ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦਾ ਸੁਨੇਹਾ ਦਿੱਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ