ਦਰਿਆ ਬਿਆਸ ਦਾ ਵਹਿਣ ਬਦਲਣ ਕਾਰਨ ਇਲਾਕੇ ਦੇ ਲੋਕਾਂ ਵਲੋਂ ਲਗਾਏ ਆਰਜ਼ੀ ਬੰਨ੍ਹ ਨੂੰ ਮੰਡ ਖ਼ਿਜਰਪੁਰ ਨੇੜੇ ਢਾਹ ਲੱਗੀ

ਕਪੂਰਥਲਾ, 5 ਸਤੰਬਰ (ਅਮਰਜੀਤ ਕੋਮਲ)-ਪਾਣੀ ਦਾ ਪੱਧਰ ਘਟਣ ਤੋਂ ਬਾਅਦ ਦਰਿਆ ਬਿਆਸ ਵਲੋਂ ਵਹਿਣ ਬਦਲਣ ਕਾਰਨ ਇਲਾਕੇ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਲੋਂ ਸ੍ਰੀ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਮੰਡ ਖ਼ਿਜਰਪੁਰ ਤੱਕ ਆਪਣੀ 4200 ਏਕੜ ਜ਼ਮੀਨ ਬਚਾਉਣ ਲਈ ਲਗਾਏ ਗਏ ਆਰਜ਼ੀ ਧੁੱਸੀ ਬੰਨ੍ਹ ਨੂੰ ਮੰਡ ਖ਼ਿਜਰਪੁਰ ਵਾਲੇ ਪਾਸੇ ਲਗਭਗ 150 ਫੁੱਟ ਵਿਚ ਲੱਗੀ ਢਾਹ ਨੂੰ ਰੋਕਣ ਲਈ ਇਲਾਕੇ ਦੇ ਕਿਸਾਨ ਤੇ ਵੱਡੀ ਗਿਣਤੀ ਵਿਚ ਸੰਗਤਾਂ ਸਿਰਤੋੜ ਯਤਨ ਕਰ ਰਹੀਆਂ ਹਨ। ਇਸ ਢਾਹ ਨੂੰ ਰੋਕਣ ਲਈ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਵਾਲਿਆਂ, ਸੰਤ ਬਾਬਾ ਜੈ ਸਿੰਘ ਮਹਿਮਦਵਾਲ ਵਾਲਿਆਂ ਦੀ ਅਗਵਾਈ ਵਿਚ 400 ਦੇ ਕਰੀਬ ਸੰਗਤਾਂ ਤੇ ਇਲਾਕੇ ਦੇ ਕਿਸਾਨ ਦਿਨ-ਰਾਤ ਇਕ ਕਰਕੇ ਬੰਨ੍ਹ ਨੂੰ ਸੁਰੱਖਿਅਤ ਰੱਖਣ ਲਈ ਮਿੱਟੀ ਦੇ ਬੋਰਿਆਂ ਦੇ ਕਰੇਟ ਲਗਾ ਰਹੇ ਹਨ ਤੇ ਲੋਕਾਂ ਦੀ ਕੋਸ਼ਿਸ਼ ਹੈ ਕਿ ਇਸ ਆਰਜ਼ੀ ਬੰਨ੍ਹ ਨੂੰ ਹਰ ਹੀਲੇ ਬਚਾਇਆ ਜਾ ਸਕੇ।
ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ ਤੇ ਉਨ੍ਹਾਂ ਦੇ ਸੇਵਾਦਾਰ ਜੋ ਤਾਰਾਂ ਰਾਹੀਂ ਬੋਰਿਆਂ ਦੇ ਕਰੇਟ ਬਣਾਉਣ ਵਿਚ ਮਾਹਿਰ ਦੱਸੇ ਜਾਂਦੇ ਹਨ, ਉਹ ਸੰਗਤਾਂ ਨੂੰ ਤਕਨੀਕੀ ਅਗਵਾਈ ਵੀ ਦੇ ਰਹੇ ਹਨ। ਬੰਨ੍ਹ ਨੂੰ ਬਚਾਉਣ ਵਿਚ ਜਿਥੇ ਹਲਕੇ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਇਲਾਵਾ ਵੱਖ-ਵੱਖ ਸੰਤ ਮਹਾਪੁਰਸ਼ਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ, ਅਧਿਆਪਕ ਜਥੇਬੰਦੀਆਂ ਤੇ ਹੋਰ ਦਾਨੀ ਸ਼ਖ਼ਸੀਅਤਾਂ ਵਲੋਂ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਬੰਨ੍ਹ ਦੇ ਕਾਰਜ ਵਿਚ ਜੁਟੀਆਂ ਸੰਗਤਾਂ ਲਈ ਤਿੰਨੇ ਟਾਈਮ ਲੰਗਰ ਦੀ ਸੇਵਾ ਕਰ ਰਹੀ ਹੈ। ਰਾਣਾ ਇੰਦਰਪ੍ਰਤਾਪ ਸਿੰਘ ਵਲੋਂ ਕਿਸਾਨਾਂ ਨੂੰ ਦੋ ਜੇ.ਸੀ.ਬੀ. ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਖੇਤੀਬਾੜੀ ਵਿਭਾਗ ਦੇ ਸੇਵਾ-ਮੁਕਤ ਅੰਕੜਾ ਅਫ਼ਸਰ ਰੇਸ਼ਮ ਸਿੰਘ ਮੰਗੂਪੁਰ, ਰਘਬੀਰ ਸਿੰਘ ਮਹਿਰਵਾਲਾ, ਹਾਕਮ ਸਿੰਘ ਨੂਰੋਵਾਲ ਤੇ ਇਸ ਖੇਤਰ ਦੇ ਹੋਰ ਕਿਸਾਨਾਂ ਨੇ ਦੱਸਿਆ ਕਿ ਡਰੇਨਜ ਵਿਭਾਗ ਵਲੋਂ ਵੀ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਪਰ ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਹ ਆਰਜ਼ੀ ਬੰਨ੍ਹ ਆਪਣੇ ਹੱਥ ਵਿਚ ਲੈ ਕੇ ਇਸਨੂੰ ਮਜ਼ਬੂਤ ਕੀਤਾ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਇਸੇ ਆਰਜ਼ੀ ਬੰਨ੍ਹ ਨੇ ਹੀ ਹੁਣ ਤੱਕ ਦਰਿਆ ਬਿਆਸ ਦੇ ਪਹਿਲਾਂ ਬਣੇ ਧੁੱਸੀ ਬੰਨ, ਪਿੰਡ ਬਾਜਾ, ਅੰਮ੍ਰਿਤਸਰ, ਰਾਜੇਵਾਲ ਤੇ ਇਨ੍ਹਾਂ ਪਿੰਡਾਂ ਵਿਚ ਚੱਲਦੇ ਤਿੰਨ ਸਰਕਾਰੀ ਸਕੂਲਾਂ ਨੂੰ ਹੜ੍ਹ ਦੀ ਮਾਰ ਤੋਂ ਬਚਾਇਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ੍ਹ ਟੁੱਟ ਜਾਂਦਾ ਹੈ ਤਾਂ ਸੁਲਤਾਨਪੁਰ ਲੋਧੀ ਦੇ ਸਬ-ਡਵੀਜ਼ਨ ਖੇਤਰਾਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਅੱਜ ਗੋਲਡਨ ਹੱਟ ਹਰਿਆਣਾ ਤੋਂ ਰਾਮ ਸਿੰਘ ਰਾਣਾ ਵਿਸ਼ੇਸ਼ ਤੌਰ 'ਤੇ ਬੰਨ੍ਹ ਵਾਲੀ ਥਾਂ 'ਤੇ ਪੁੱਜੇ ਤੇ ਉਨ੍ਹਾਂ ਆਰਜ਼ੀ ਬੰਨ੍ਹ ਬਣਾਉਣ ਵਿਚ ਵਿੱਤੀ ਯੋਗਦਾਨ ਪਾਇਆ।