ਸਤਲੁਜ ਦਰਿਆ ’ਚ ਸਸਰਾਲੀ ਕਾਲੋਨੀ ਨੇੜੇ ਬੰਨ੍ਹ ਦੀਆਂ ਟੱਕਰਾਂ ਨੂੰ ਖੋਰਾ ਲੱਗਣ ਕਾਰਨ ਨਾਜ਼ੁਕ ਸਥਿਤੀ ’ਚ ਬੰਨ੍ਹ
ਲੁਧਿਆਣਾ, 5 ਸਤੰਬਰ (ਜਤਿੰਦਰ ਭੰਬੀ)- ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦੇ ਚੱਲਦਿਆਂ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਕਾਰਨ ਸਤਲੁਜ ਦਰਿਆ ’ਚ ਜਿਥੇ ਪਾਣੀ ਦਾ ਵਹਾਅ ਤੇਜ਼ ਚੱਲ ਰਿਹਾ ਸੀ, ਉਥੇ ਹੀ ਪਾਣੀ ਦਾ ਪੱਧਰ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਸਸਰਾਲੀ ਕਾਲੋਨੀ ਕੋਲ ਸਤਲੁਜ ਦਾ ਬੰਨ੍ਹ ਟੁੱਟਣ ਕੰਢੇ ਪਹੁੰਚ ਗਿਆ ਹੈ ਜੋ ਕਿ ਬਹੁਤ ਹੀ ਨਾਜ਼ੁਕ ਸਥਿਤੀ ਵਿਚ ਹੈ, ਜਿਸ ਨੂੰ ਦੇਖਦੇ ਹੋਏ ਜਿਥੇ ਪ੍ਰਸ਼ਾਸਨ ਵਲੋਂ ਬੰਨ੍ਹ ਨੂੰ ਮਜਬੂਤ ਕਰਨ ਲਈ ਬੀਤੇ ਕਈ ਦਿਨਾਂ ਤੋਂ ਜਦੋਂ ਜਹਿਦ ਕੀਤੀ ਜਾ ਰਹੀ ਹੈ, ਉਥੇ ਹੀ ਫੌਜ ਅਤੇ ਹੋਰ ਟੀਮਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ।
ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਫੌਜ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਅੰਦਰੂਨੀ ਤੌਰ ’ਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਆਪਣਾ ਮਾਲ-ਪਸ਼ੂ ਸੰਭਾਲਣ ਲਈ ਵੀ ਕਹਿ ਦਿੱਤਾ ਗਿਆ ਹੈ ਦੇਰ ਰਾਤ ਤੱਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੰਨ੍ਹ ਨੂੰ ਮਜਬੂਤ ਕਰਨ ਲਈ ਲੱਗਿਆ ਰਿਹਾ। ਪ੍ਰਸ਼ਾਸਨ ਵਲੋਂ ਕੀਤੀਆਂ ਹਦਾਇਤਾਂ ਅਨੁਸਾਰ ਸਤਲੁਜ ਕੰਢੇ ’ਤੇ ਸਥਿਤ ਪਿੰਡਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਕਹਿ ਦਿੱਤਾ ਗਿਆ ਹੈ ਤਾਂ ਕਿ ਜਨਤਕ ਤੌਰ ’ਤੇ ਅਜਿਹਾ ਕਰਨ ਨਾਲ ਲੋਕਾਂ ਅੰਦਰ ਭੱਜਦੜ ਪੈਦਾ ਨਾ ਹੋਵੇ।