ਨੀਰਜ ਚੋਪੜਾ ਨੇ ਜਿੱਤਿਆ ਐਨ.ਸੀ. ਕਲਾਸਿਕ ਦਾ ਖਿਤਾਬ

86.18 ਮੀਟਰ 'ਤੇ ਸੁੱਟਿਆ ਨੇਜਾ
ਬੈਂਗਲੁਰੂ, 5 ਜੁਲਾਈ (ਪੀ.ਟੀ.ਆਈ.)-ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਅੱਜ ਐਨ.ਸੀ. ਕਲਾਸਿਕ 2025 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖਿਤਾਬ ਆਪਣੇ ਨਾਂਅ ਕੀਤਾ | ਨੀਰਜ ਜੋ ਕਿ ਮੁਕਾਬਲੇ ਦਾ ਮੇਜ਼ਬਾਨ ਵੀ ਹੈ, ਨੇ ਮੁਕਾਬਲੇ ਦਾ ਪਹਿਲਾ ਖਿਤਾਬ ਜਿੱਤਿਆ ਹੈ | ਉਸਨੇ ਪੁਰਸ਼ਾਂ ਦੇ ਨੇਜਾ ਸੁੱਟਣ ਮੁਕਾਬਲੇ 'ਚ 86.18 ਮੀਟਰ ਦੇ ਥਰੋਅ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਉਸਨੇ ਬੈਂਗਲੁਰੂ ਦੇ ਕਾਂਤੀਰਵਾ ਸਟੇਡੀਅਮ 'ਚ ਇਹ ਇਤਿਹਾਸ ਰਚਿਆ | 27 ਸਾਲਾ ਨੀਰਜ ਅੰਤਰਰਾਸ਼ਟਰੀ ਮੁਕਾਬਲੇ 'ਚ ਮੇਜ਼ਬਾਨ ਵਜੋਂ ਹਿੱਸਾ ਲੈਣ ਵਾਲਾ ਪਹਿਲਾ ਭਾਰਤੀ ਹੈ | ਇਥੇ ਜ਼ਿਕਰਯੋਗ ਹੈ ਕਿ ਐਨ.ਸੀ. ਕਲਾਸਿਕ ਨੂੰ ਵਿਸ਼ਵ ਅਥਲੈਟਿਕਸ ਵਲੋਂ 'ਸ਼੍ਰੇਣੀ ਏ' ਦਾ ਦਰਜਾ ਪ੍ਰਾਪਤ ਹੈ | ਡਬਲ ਓਲੰਪਿਕ ਤਗਮਾ ਜੇਤੂ ਨੀਰਜ ਨੇ ਫਾਊਲ ਥਰੋਅ ਨਾਲ ਸ਼ੁਰੂਆਤ ਕੀਤੀ | ਉਸਨੇ ਦੂਜੀ ਕੋਸ਼ਿਸ਼ 'ਚ 82.99 ਮੀਟਰ 'ਤੇ ਨੇਜਾ ਸੁੱਟਿਆ | ਉਸਨੇ ਤੀਜੀ ਕੋਸ਼ਿਸ਼ 'ਚ 86.18 ਮੀਟਰ ਸੁੱਟਿਆ, ਜੋ ਕਿ ਸਭ ਤੋਂ ਵਧੀਆ ਸੀ | ਇਸ ਤੋਂ ਬਾਅਦ, ਉਸਨੇ ਆਪਣੇ ਜਾਣੇ-ਪਛਾਣੇ ਅੰਦਾਜ਼ 'ਚ ਹਵਾ 'ਚ ਆਪਣੇ ਦੋਵੇਂ ਹੱਥ ਚੁੱਕ ਕੇ ਜਸ਼ਨ ਮਨਾਇਆ | ਸਟੇਡੀਅਮ 'ਚ ਮੌਜੂਦ ਦਰਸ਼ਕਾਂ ਨੇ ਤਾੜੀਆਂ ਤੇ ਸ਼ੋਰ ਨਾਲ ਉਸਦਾ ਸਵਾਗਤ ਕੀਤਾ | ਹਾਲਾਂਕਿ, ਚੌਥੀ ਕੋਸ਼ਿਸ਼ 'ਚ ਫਾਊਲ ਹੋਇਆ ਪਰ ਭਾਰਤੀ ਸਟਾਰ ਨੇ 5ਵੀਂ ਕੋਸ਼ਿਸ਼ 'ਚ 84.07 ਮੀਟਰ 'ਤੇ ਨੇਜਾ ਸੁੱਟਿਆ | ਇਸ ਦੇ ਨਾਲ ਹੀ, ਭਾਰਤੀ ਸਟਾਰ ਦਾ ਛੇਵਾਂ ਅਤੇ ਆਖਰੀ ਥਰੋਅ 82.22 ਮੀਟਰ ਸੀ | ਇਹ ਉਸਦਾ ਲਗਾਤਾਰ ਤੀਜਾ ਖਿਤਾਬ ਹੈ | ਨੀਰਜ ਨੇ ਇਸ ਤੋਂ ਪਹਿਲਾਂ ਪੈਰਿਸ ਡਾਇਮੰਡ ਲੀਗ (20 ਜੂਨ) ਅਤੇ ਓਸਟਰਾਵਾ, ਪੋਲੈਂਡ (24 ਜੂਨ) 'ਚ ਗੋਲਡਨ ਸਪਾਈਕ 'ਚ ਖਿਤਾਬ ਜਿੱਤਿਆ ਸੀ | ਇਸ ਮੁਕਾਬਲੇ ਦੌਰਾਨ ਕੀਨੀਆ ਦੇ ਜੂਲੀਅਸ ਯੇਗੋ ਦੂਜੇ ਸਥਾਨ 'ਤੇ ਰਹੇ | ਉਸਨੇ 84.51 ਮੀਟਰ ਥਰੋਅ ਸੁੱਟਿਆ | ਸ਼੍ਰੀਲੰਕਾ ਦੇ ਰੁਮੇਸ਼ ਪਥੀਰਾਗੇ (84.34 ਮੀਟਰ ਥਰੋਅ) ਤੀਜੇ ਸਥਾਨ 'ਤੇ ਰਹੇ | ਭਾਰਤ ਦੇ ਸਚਿਨ ਯਾਦਵ ਚੌਥੇ ਸਥਾਨ 'ਤੇ ਰਹੇ | ਜ਼ਿਕਰਯੋਗ ਹੈ ਕਿ ਨੀਰਜ ਨੇ ਇਸ ਮੁਕਾਬਲੇ ਦਾ ਆਯੋਜਨ ਜੇ.ਐਸ.ਡਬਲਿਊ. ਸਪੋਰਟਸ ਦੇ ਸਹਿਯੋਗ ਨਾਲ ਕੀਤਾ ਹੈ | ਇਸਨੂੰ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵਲੋਂ ਵੀ ਮਨਜ਼ੂਰੀ ਦਿੱਤੀ ਗਈ ਹੈ |