ਟੇਸਲਾ ਦੇ ਸੀਈਓ ਐਲੋਨ ਮਸਕ ਵਲੋਂ ਨਵੀਂ 'ਅਮਰੀਕਾ ਪਾਰਟੀ' ਦਾ ਐਲਾਨ

ਵਾਸ਼ਿੰਗਟਨ, 6 ਜੁਲਾਈ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਵਿਵਾਦ ਅਤੇ ਨਾਰਾਜ਼ਗੀ ਦੇ ਵਿਚਕਾਰ, ਅਰਬਪਤੀ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਅਮਰੀਕਾ ਵਿਚ ਇਕ ਨਵੀਂ ਰਾਜਨੀਤਿਕ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਹੈ। ਐਲੋਨ ਮਸਕ ਨੇ ਇਸ ਦਾ ਨਾਮ 'ਅਮਰੀਕਾ ਪਾਰਟੀ' ਰੱਖਿਆ ਹੈ।
ਰਾਜਨੀਤਿਕ ਪਾਰਟੀ ਦਾ ਐਲਾਨ ਕਰਦੇ ਹੋਏ, ਮਸਕ ਨੇ ਅਮਰੀਕੀ ਰਾਜਨੀਤਿਕ ਦ੍ਰਿਸ਼ ਨੂੰ ਇਕ-ਪਾਰਟੀ ਪ੍ਰਣਾਲੀ ਵਜੋਂ ਦਰਸਾਇਆ ਜਿਸ ਵਿਚ ਵਿਕਲਪਾਂ ਦੀ ਘਾਟ ਹੈ। ਉਨ੍ਹਾਂ ਕਿਹਾ, ਅਸੀਂ ਇਕ-ਪਾਰਟੀ ਪ੍ਰਣਾਲੀ ਵਿਚ ਰਹਿੰਦੇ ਹਾਂ, ਲੋਕਤੰਤਰ ਵਿਚ ਨਹੀਂ। ਮਸਕ ਨੇ ਦਾਅਵਾ ਕੀਤਾ ਕਿ ਅਮਰੀਕਾ ਪਾਰਟੀ ਲੋਕਾਂ ਨੂੰ ਉਨ੍ਹਾਂ ਦੀ ਆਜ਼ਾਦੀ ਵਾਪਸ ਦੇਣ ਲਈ ਕੰਮ ਕਰੇਗੀ।
ਦੁਨੀਆ ਦੇ ਸਭ ਤੋਂ ਅਮੀਰ ਆਦਮੀ ਅਤੇ ਤਕਨੀਕੀ ਦਿੱਗਜ ਮਸਕ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜਨਤਕ ਮਤਭੇਦ ਤੋਂ ਬਾਅਦ ਇਹ ਐਲਾਨ ਕੀਤਾ ਹੈ। ਐਲੋਨ ਮਸਕ, ਜੋ ਕਦੇ ਟਰੰਪ ਦੇ ਬਹੁਤ ਨੇੜੇ ਸਨ ਅਤੇ 2024 ਦੀਆਂ ਚੋਣਾਂ ਵਿਚ ਉਨ੍ਹਾਂ ਦੇ ਸਭ ਤੋਂ ਵੱਡੇ ਰਾਜਨੀਤਿਕ ਦਾਨੀ ਸਨ, ਦਾ 'ਵਨ ਬਿਗ ਬਿਊਟੀਫੁੱਲ ਬਿੱਲ' ਨੂੰ ਲੈ ਕੇ ਰਾਸ਼ਟਰਪਤੀ ਨਾਲ ਵਿਵਾਦ ਹੋਇਆ ਸੀ। ਉਨ੍ਹਾਂ ਨੇ ਬਿੱਲ ਦਾ ਸਖ਼ਤ ਵਿਰੋਧ ਕੀਤਾ ਅਤੇ ਟਰੰਪ ਪ੍ਰਸ਼ਾਸਨ ਦੇ ਅਧੀਨ ਨਵੇਂ ਬਣੇ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ (ਡੋਜ) ਤੋਂ ਬਾਹਰ ਕੱਢ ਦਿੱਤਾ ਗਿਆ।