ਇਟਲੀ ਤੋਂ ਦੋ ਦਿਨ ਪਹਿਲਾਂ ਆਏ ਨੌਜਵਾਨ ਦੀ ਲਾਸ਼ ਬਰਾਮਦ

ਕਪੂਰਥਲਾ, 6 ਜੁਲਾਈ (ਅਮਨਜੋਤ ਸਿੰਘ ਵਾਲੀਆ) - ਇਟਲੀ ਤੋਂ ਦੋ ਦਿਨ ਪਹਿਲਾਂ ਆਏ ਇਕ ਨੌਜਵਾਨ ਦੀ ਪਿੰਡ ਮੁਸ਼ਕਵੇਦ ਤੋਂ ਡੈਣਵਿੰਡ ਜਾਂਦੇ ਰਸਤੇ ਵਿਚ ਭੇਦਭਰੀ ਹਾਲਤ ਵਿਚ ਲਾਸ਼ ਪ੍ਰਾਪਤ ਹੋਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਐਸ.ਐਚ.ਓ. ਕਿਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਕਿ ਪਿੰਡ ਮੁਸ਼ਕਵੇਦ ਤੋਂ ਡੈਣਵਿੰਡ ਨੂੰ ਜਾਂਦੇ ਰਸਤੇ ਵਿਚ ਇਕ ਨੌਜਵਾਨ ਦੀ ਲਾਸ਼ ਪਈ ਹੈ, ਜਿਸ 'ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ। ਮਿ੍ਤਕ ਨੌਜਵਾਨ ਦੀ ਪਹਿਚਾਣ ਉਸ ਦੇ ਪਿਤਾ ਏ.ਐਸ.ਆਈ. ਨਰਿੰਦਰ ਸਿੰਘ ਬੈਂਸ ਨੇ ਆਪਣੇ ਲੜਕੇ ਅਮਨਦੀਪ ਸਿੰਘ ਵਾਸੀ ਡੈਣਵਿੰਡ ਵਜੋਂ ਕੀਤੀ ਹੈ। ਮਿ੍ਤਕ ਲੜਕੇ ਦੀ ਮਾਤਾ ਸਰਬਜੀਤ ਕੌਰ ਪਿੰਡ ਡੈਣਵਿੰਡ ਦੀ ਮੌਜੂਦਾ ਸਰਪੰਚ ਹੈ । ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।
ਮਿ੍ਤਕ ਦੇ ਪਿਤਾ ਨੇ ਕਿਹਾ ਉਨ੍ਹਾਂ ਦਾ ਲੜਕਾ ਰਾਤ ਘਰ ਨਹੀਂ ਆਇਆ ਤਾਂ ਅਸੀਂ ਸਾਰੀ ਰਾਤ ਉਸ ਨੂੰ ਲੱਭਦੇ ਰਹੇ । ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਉਸ ਦੇ ਲੜਕੇ ਦੇ ਮੌਤ ਨਸ਼ੇ ਦੇ ਓਵਰਡੋਜ਼ ਹੋਣ ਕਾਰਨ ਹੋਈ ਹੈ । ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਨੇ ਕਈਵਾਰ ਸੰਬੰਧਿਤ ਥਾਣੇ ਨੂੰ ਸੂਚਿਤ ਕੀਤਾ ਸੀ ਕਿ ਪਿੰਡਾਂ ਵਿਚ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ, ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ।