ਰਾਸ਼ਟਰਪਤੀ ਟਰੰਪ ਨੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੂੰ ਪਾਈ ਝਾੜ, ਮੀਟਿੰਗ ਦਾ ਸਵਾਦ ਹੋਇਆ ਫਿੱਕਾ

ਸੈਕਰਾਮੈਂਟੋ, ਕੈਲੀਫੋਰਨੀਆ, 22 ਮਈ, (ਹੁਸਨ ਲੜੋਆ ਬੰਗਾ)- ਅਮਰੀਕਾ ਪੁੱਜੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸੀਰਿਲ ਰਾਮਾਫੋਸਾ ਗੋਲਫ਼ ਪ੍ਰੇਮੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਖੁਸ਼ ਕਰਨ ਲਈ ਆਪਣੇ ਨਾਲ ਦੋ ਚੈਂਪੀਅਨਸ਼ਿੱਪ ਗੋਲਫ਼ਰਜ ਤੇ ਇਕ ਵੱਡੀ ਪੁਸਤਕ, ਜਿਸ ਵਿਚ ਦੱਖਣੀ ਅਫ਼ਰੀਕਾ ਦੇ ਸ਼ਾਨਦਾਰ ਗੋਲਫ਼ ਮੈਦਾਨਾਂ ਦਾ ਵੇਰਵਾ ਸੀ, ਲੈ ਕੇ ਆਏ ਪਰੰਤੂ ਉਨ੍ਹਾਂ ਦੀ ਇਹ ਕੋਸ਼ਿਸ਼ ਨਾਕਾਮ ਰਹੀ। ਟਰੰਪ ਨੇ ਨਸਲਕੁੱਸ਼ੀ ਦੇ ਮਾਮਲੇ ’ਤੇ ਰਾਮਾਫੋਸਾ ਨੂੰ ਝਾੜ ਪਾਈ। ਦੋਨਾਂ ਆਗੂਆਂ ਵਿਚਾਲੇ ਹੋਈ ਇਕ ਘੰਟੇ ਦੀ ਮੀਟਿੰਗ ਫਰਵਰੀ ਵਿਚ ਯੁਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੰਸਕੀ ਨਾਲ ਹੋਈ ਮੀਟਿੰਗ ਵਰਗੀਆਂ ਕੌੜੀਆਂ ਯਾਦਾਂ ਛੱਡ ਗਈ। ਟਰੰਪ ਨੇ ਦੱਖਣੀ ਅਫਰੀਕੀ ਰਾਸ਼ਟਰਪਤੀ ਉਪਰ ਦੋਸ਼ ਲਾਇਆ ਕਿ ਉਹ ਵਾਈਟ ਅਫਰੀਕਨਾਂ ਵਿਰੁੱਧ ਨਸਲਕੁਸ਼ੀ ਦੇ ਮਾਮਲੇ ਨੂੰ ਠੀਕ ਸਾਬਤ ਕਰਨ ਦਾ ਯਤਨ ਕਰ ਰਹੇ ਹਨ। ਟਰੰਪ ਨੇ ਇਸ ਸੰਬੰਧੀ ਇਕ ਵੀਡੀਓ ਵੀ ਚਲਾਈ, ਜਿਸ ਦਾ ਪ੍ਰਬੰਧ ਮੀਟਿੰਗ ਤੋਂ ਪਹਿਲਾਂ ਕਰ ਲਿਆ ਗਿਆ ਸੀ। ਮੀਟਿੰਗ ਦੌਰਾਨ ਟਰੰਪ ਇਕ ਰਿਪੋਰਟਰ ਨੂੰ ਵੀ ਟੁੱਟ ਕੇ ਪੈ ਗਏ, ਜਿਸ ਨੇ ਕਤਰ ਤੋਂ 40 ਕਰੋੜ ਡਾਲਰ ਦੀ ਲਾਗਤ ਵਾਲਾ ਜੈੱਟ ਜਹਾਜ਼ ਲੈਣ ਬਾਰੇ ਸਵਾਲ ਕੀਤਾ ਸੀ। ਮਾਹੌਲ ਗਰਮ ਹੁੰਦਾ ਵੇਖ ਕੇ ਰਾਮਾਫੋਸਾ ਨੇ ਕਿਹਾ ਮੈਨੂੰ ਅਫਸੋਸ ਹੈ ਕਿ ਤੁਹਾਨੂੰ ਦੇਣ ਲਈ ਮੇਰੇ ਕੋਲ ਜਹਾਜ਼ ਨਹੀਂ ਹੈ। ਇਸ ’ਤੇ ਟਰੰਪ ਨੇ ਕਿਹਾ ਜੇਕਰ ਤੁਹਾਡਾ ਦੇਸ਼ ਯੂ. ਐਸ. ਏਅਰ ਫੋਰਸ ਨੂੰ ਜਹਾਜ਼ ਦੀ ਪੇਸ਼ਕਸ਼ ਕਰਦਾ ਤਾਂ ਮੈ ਉਸ ਨੂੰ ਸਵੀਕਾਰ ਕਰ ਲੈਂਦਾ। ਇਸ ਤਕਰਾਰ ਦੇ ਪਿਛੋਕੜ ਨੂੰ ਵੇਖੀਏ ਤਾਂ ਟਰੰਪ ਪ੍ਰਸ਼ਾਸਨ ਨੇ ਹਾਲ ਹੀ ਵਿਚ ਵਾਈਟ ਦੱਖਣੀ ਅਫਰੀਕੀ ਲੋਕਾਂ ਨੂੰ ਅਮਰੀਕਾ ਵਿਚ ਰਿਫ਼ਊਜੀ ਵਜੋਂ ਪ੍ਰਵਾਨ ਕਰਨ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਹੈ, ਜਦੋਂ ਟਰੰਪ ਪ੍ਰਸ਼ਾਸਨ ਨੇ ਹੋਰ ਰਫ਼ਿਊਜੀਆਂ ਖਾਸ ਕਰਕੇ ਕਾਲੇ ਲੋਕਾਂ ਦਾ ਅਮਰੀਕਾ ਵਿਚ ਸਵਾਗਤ ਕਰਨਾ ਬੰਦ ਕਰ ਦਿੱਤਾ ਹੈ। ਟਰੰਪ ਵਾਈਟ ਦੱਖਣੀ ਅਫਰੀਕੀ ਲੋਕਾਂ ਨਾਲ ਖੜੇ ਹਨ। ਟਰੰਪ ਦਾ ਕਹਿਣਾ ਹੈ ਕਿ ਦੱਖਣੀ ਅਫ਼ਰੀਕਾ ਵਿਚ ਨਵੇਂ ਕਾਨੂੰਨ ਤਹਿਤ ਘੱਟ ਗਿਣਤੀ ਵਾਈਟ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਾਨੂੰਨ ਤਹਿਤ ਦੱਖਣੀ ਅਫ਼ਰੀਕੀ ਸਰਕਾਰ ਜਨਤਕ ਹਿੱਤਾਂ ਲਈ ਬਿਨ੍ਹਾਂ ਮੁਆਵਜ਼ਾ ਦਿੱਤੇ ਕੋਈ ਵੀ ਜਾਇਦਾਦ ਜ਼ਬਤ ਕਰ ਸਕਦੀ ਹੈ। ਪਿਛਲੇ ਹਫ਼ਤੇ ਟਰੰਪ ਵਲੋਂ ਲਾਏ ਇਨ੍ਹਾਂ ਦੋਸ਼ਾਂ ਨੂੰ ਦੱਖਣੀ ਅਫ਼ਰੀਕੀ ਸਰਕਾਰ ਨੇ ਰੱਦ ਕਰ ਦਿੱਤਾ ਸੀ।