ਪੂਰੀ ਦੁਨੀਆ ਨੇ ਸੁਣੀ ਭਾਰਤੀ ਹਵਾਈ ਸੈਨਾ ਦੀ ਗੂੰਜ- ਰੱਖਿਆ ਮੰਤਰੀ

ਅਹਿਮਦਾਬਾਦ, 16 ਮਈ- ਰੱਖਿਆ ਮੰਤਰੀ ਰਾਜਨਾਥ ਸਿੰਘ ਗੁਜਰਾਤ ਦੇ ਭੁਜ ਪਹੁੰਚ ਗਏ ਹਨ। ਇੱਥੇ ਉਨ੍ਹਾਂ ਭੁਜ ਏਅਰ ਫੋਰਸ ਸਟੇਸ਼ਨ ’ਤੇ ਤਾਇਨਾਤ ਏਅਰ ਫੋਰਸ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ । ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਵੀ ਉਨ੍ਹਾਂ ਦੇ ਨਾਲ ਪਹੁੰਚੇ ਹਨ। ਇਸ ਮੌਕੇ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਤੁਹਾਨੂੰ ਵਧਾਈ ਦੇਣ ਆਇਆ ਹਾਂ। ਤੁਸੀਂ ਆਪ੍ਰੇਸ਼ਨ ਸੰਧੂਰ ਵਿਚ ਇਕ ਚਮਤਕਾਰੀ ਕੰਮ ਕੀਤਾ ਹੈ। ਤੁਸੀਂ ਭਾਰਤ ਦਾ ਸਿਰ ਉੱਚਾ ਕੀਤਾ ਹੈ। ਮੈਂ ਆਪਣੇ ਸੈਨਿਕਾਂ ਨੂੰ ਸਲਾਮ ਕਰਦਾ ਹਾਂ। ਮੈਨੂੰ ਤੁਹਾਡੇ ਸਾਰਿਆਂ ਦੇ ਵਿਚਕਾਰ ਹੋਣ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭੁਜ 1965 ਅਤੇ 1971 ਦੀਆਂ ਜੰਗਾਂ ਵਿਚ ਸਾਡੀ ਜਿੱਤ ਦਾ ਗਵਾਹ ਰਿਹਾ ਹੈ ਅਤੇ ਅੱਜ ਵੀ ਇਹ ਆਪ੍ਰੇਸ਼ਨ ਸੰਧੂਰ ਦੀ ਸਫਲਤਾ ਦਾ ਗਵਾਹ ਹੈ। ਮੈਂ ਕੱਲ੍ਹ ਹੀ ਸ੍ਰੀਨਗਰ ਵਿਚ ਬਹਾਦਰ ਫੌਜ ਦੇ ਜਵਾਨਾਂ ਨੂੰ ਮਿਲ ਕੇ ਵਾਪਸ ਆਇਆ ਹਾਂ। ਮੈਂ ਕੱਲ੍ਹ ਉੱਤਰੀ ਹਿੱਸੇ ਵਿੱਚ ਸੈਨਿਕਾਂ ਨੂੰ ਮਿਲਿਆ। ਮੈਂ ਅੱਜ ਤੁਹਾਨੂੰ ਮਿਲ ਰਿਹਾ ਹਾਂ। ਤੁਹਾਡੀ ਊਰਜਾ ਦੇਖ ਕੇ, ਮੈਨੂੰ ਬਹੁਤ ਉਤਸ਼ਾਹ ਮਿਲਦਾ ਹੈ। ਆਪ੍ਰੇਸ਼ਨ ਸੰਧੂਰ ਦਾ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਹੈ। ਇਸ ਕਾਰਵਾਈ ਵਿਚ ਤੁਹਾਡੇ ਕੀਤੇ ਕੰਮ ’ਤੇ ਸਾਰੇ ਭਾਰਤੀਆਂ ਨੂੰ ਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਫੌਜ ਲਈ ਪਾਕਿਸਤਾਨੀ ਧਰਤੀ ’ਤੇ ਵਧ ਰਹੇ ਅੱਤਵਾਦ ਦੇ ਅਜਗਰ ਨੂੰ ਕੁਚਲਣ ਲਈ 23 ਮਿੰਟ ਕਾਫ਼ੀ ਸਨ। ਜਿੰਨਾ ਸਮਾਂ ਲੋਕਾਂ ਨੂੰ ਨਾਸ਼ਤਾ ਪਾਣੀ ਖਾਣ ਵਿਚ ਲੱਗਦਾ ਹੈ, ਤੁਸੀਂ ਦੁਸ਼ਮਣਾਂ ਨੂੰ ਨਿਪਟਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਪਾਕਿਸਤਾਨ ਦੇ ਅੰਦਰ ਜੋ ਮਿਜ਼ਾਈਲਾਂ ਸੁੱਟੀਆਂ ਹਨ, ਪੂਰੀ ਦੁਨੀਆ ਨੇ ਇਸ ਦੀ ਗੂੰਜ ਸੁਣੀ। ਤੁਹਾਡੀ ਬਹਾਦਰੀ ਦੀ, ਸੈਨਿਕਾਂ ਦੀ ਬਹਾਦਰੀ ਦੀ ਉਹ ਗੂੰਜ ਸੁਣਾਈ ਦਿੱਤੀ। ਭਾਰਤੀ ਹਵਾਈ ਸੈਨਾ ਨੇ ਇਕ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ, ਜਿਸ ਦੀ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਅੱਤਵਾਦ ਵਿਰੁੱਧ ਇਸ ਮੁਹਿੰਮ ਦੀ ਅਗਵਾਈ ਹਵਾਈ ਸੈਨਾ ਨੇ ਕੀਤੀ, ਜੋ ਕਿ ਇਕ ਆਕਾਸ਼ ਸੈਨਾ ਹੈ, ਜਿਸ ਨੇ ਆਪਣੀ ਬਹਾਦਰੀ ਨਾਲ ਨਵੀਆਂ ਉਚਾਈਆਂ ਨੂੰ ਛੂਹਿਆ ਹੈ।