ਪੱਟੀ ਹਲਕੇ ਦੇ ਪਿੰਡ ਦੁਬਲੀ ਨਜ਼ਦੀਕ ਖੇਤਾਂ ਵਿਚ ਡਿੱਗਾ ਡਰੋਨ

ਪੱਟੀ, (ਤਰਨਤਾਰਨ), 10 ਮਈ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਪੱਟੀ ਹਲਕੇ ਦੇ ਪਿੰਡ ਦੁਬਲੀ ਤੋਂ ਕਾਲੇਕੇ ਉਤਾੜ ਦੇ ਰਸਤੇ ਦੇ ਖੇਤਾਂ ਵਿਚ ਤੜਕੇ 5 ਵਜੇ ਦੇ ਕਰੀਬ ਡਰੋਨ ਨਾਲ ਹਮਲਾ ਹੋਇਆ, ਜਿਸ ਨਾਲ ਵੱਡਾ ਧਮਾਕਾ ਹੋਇਆ। ਪਿੰਡ ਵਾਸੀਆਂ ਨੇ ਜਦੋਂ ਜਾ ਕੇ ਦੇਖਿਆ ਤਾਂ ਉਸ ਥਾਂ ’ਤੇ ਕਾਫ਼ੀ ਵੱਡਾ ਟੋਇਆ ਪਿਆ ਹੋਇਆ ਸੀ ਤੇ ਡਰੋਨ ਦੇ ਕਾਫੀ ਟੁਕੜੇ ਆਸ-ਪਾਸ ਡਿੱਗੇ ਹੋਏ ਸਨ। ਪਿੰਡ ਵਾਸੀਆਂ ਵਲੋਂ ਇਸ ਦੀ ਤੁਰੰਤ ਸੂਚਨਾ ਥਾਣਾ ਸਦਰ ਪੱਟੀ ਨੂੰ ਦਿੱਤੀ ਗਈ, ਜਿਥੋਂ ਐਸ.ਐਚ.ਓ. ਗੁਰਚਰਨ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਇਸ ਤੋਂ ਪਹਿਲਾਂ ਬੀਤੀ ਰਾਤ ਪੱਟੀ ਸ਼ਹਿਰ ਵਿਚ ਵੀ ਧਮਾਕਿਆਂ ਦੀ ਆਵਾਜ਼ ਆਉਂਦੀ ਰਹੀ। ਜਿਸ ਨਾਲ ਸ਼ਹਿਰ ਵਾਸੀਆਂ ਵਿਚ ਦਹਿਸ਼ਤ ਪਈ ਰਹੀ। ਇਸ ਦੇ ਨਾਲ ਹੀ ਪੱਟੀ ਇਲਾਕੇ ਵਿਚ ਬਲੈਕ ਆਊਟ ਕਰ ਦਿੱਤਾ ਗਿਆ। ਜਦੋਂ ਇਸ ਸੰਬੰਧੀ ਡੀ.ਐਸ.ਪੀ. ਪੱਟੀ ਲਵਕੇਸ਼ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿਹਾ ਕਿ ਪੱਟੀ ਵਿਚ ਵੀ ਪਾਕਿਸਤਾਨ ਵਲੋਂ ਡਰੋਨ ਹਮਲਾ ਕੀਤਾ ਗਿਆ, ਜਿਸ ਨੂੰ ਆਰਮੀ ਵਲੋਂ ਹਵਾ ਵਿਚ ਹੀ ਨਸ਼ਟ ਕਰ ਦਿੱਤਾ ਗਿਆ।