ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਮਾਹਲਾ ਕਲਾਂ ਦੇ 50 ਬੱਚੇੇ ਸਨਮਾਨਿਤ

ਨੱਥੂਵਾਲਾ ਗਰਬੀ, 30 ਅਪ੍ਰੈਲ (ਨਵਦੀਪ ਸਿੰਘ)-ਸੰਸਾਰ ਪੱਧਰ ਉਤੇ ਪੰਜਾਬੀਆਂ ਦੀ ਨੁਮਾਇੰਦਗੀ ਕਰਦੀ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਹਲਾ ਕਲਾਂ ਅਤੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਾਹਲਾ ਕਲਾਂ ਦੇ 50 ਹੋਣਹਾਰ ਬੱਚਿਆਂ ਦਾ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨ ਕੀਤਾ। ਸੀਨੀਅਰ ਸੈਕੰਡਰੀ ਸਕੂਲ ਦੇਵਾ ਸਿੰਘ ਯਾਦਗਾਰੀ ਹਾਲ ਵਿਚ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ ਉਤੇ ਡੀ.ਐਸ.ਪੀ. ਦਲਬੀਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ਅਫਸਰ ਦੇਵੀ ਪ੍ਰਸਾਦ ਵਿਸ਼ੇਸ਼ ਤੌਰ ਉਤੇ ਪਹੁੰਚੇ। ਇਸ ਤੋਂ ਇਲਾਵਾ ਆਜ਼ਾਦੀ ਦੇ ਪ੍ਰਵਾਨੇ ਦੇਵਾ ਸਿੰਘ ਮਾਹਲਾ ਦੇ ਪਰਿਵਾਰਕ ਮੈਂਬਰ ਹਰਚੰਦ ਸਿੰਘ ਅਤੇ ਜਗਪਾਲ ਸਿੰਘ ਨੇ ਵੀ ਵਿਸ਼ੇਸ਼ ਤੌਰ ਉਤੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ, ਪੰਜਾਬ ਮਾਲਵਾ ਜ਼ੋਨ ਦੇ ਪ੍ਰਧਾਨ ਸਮਾਜ ਸੇਵੀ ਰਾਜਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਰਹਿਨੁਮਾਈ ਹੇਠ ਸਭਾ ਵਲੋਂ ਬਹੁਤ ਸਾਰੇ ਸਮਾਜ ਸੇਵੀ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿਚ ਹੋਣਹਾਰ ਬੱਚਿਆਂ ਦਾ ਸਨਮਾਨ ਕਰਨਾ, ਅੱਖਾਂ ਦੇ ਕੈਂਪ ਲਗਵਾ ਕੇ ਲੋੜਵੰਦ ਮਰੀਜ਼ਾਂ ਦੇ ਮੁਫਤ ਲੈਨਜ਼ ਪਵਾ ਕੇ ਦੇਣੇ, ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਵੱਖ-ਵੱਖ ਦੇਸ਼ਾਂ ਵਿਚ ਸੈਮੀਨਾਰ, ਕਾਨਫਰੰਸਾਂ ਦਾ ਆਯੋਜਨ ਕਰਨਾ ਅਤੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਸਨਮਾਨ ਕਰਦੇ ਰਹਿਣਾ ਆਦਿ ਕੰਮ ਉਨ੍ਹਾਂ ਵਲੋਂ ਬਾਖੂਬੀ ਨਿਭਾਏ ਜਾ ਰਹੇ ਹਨ।