ਨਰੇਗਾ ਯੂਨੀਅਨ ਵਲੋਂ ਪਿਛਲੇ 10 ਘੰਟਿਆਂ ਤੋਂ ਨੈਸ਼ਨਲ ਹਾਈਵੇ ਬੰਦ ਕਰਕੇ ਧਰਨਾ ਜਾਰੀ

ਫਾਜ਼ਿਲਕਾ, 30 ਅਪ੍ਰੈਲ (ਬਲਜੀਤ ਸਿੰਘ)-ਡਾਰਤੀ ਕਮਿਊਨਿਸਟ ਪਾਰਟੀ ਫਾਜ਼ਿਲਕਾ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਫਾਜ਼ਿਲਕਾ (ਰਜਿ. ਪੰਜਾਬ) ਵਲੋਂ ਪਿਛਲੇ ਦਿਨੀਂ ਆਪਣੀਆਂ ਮੰਗਾਂ ਨਾ ਮੰਨਣ ਉਤੇ ਨੈਸ਼ਨਲ ਹਾਈਵੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਅੱਜ ਸਰਬ ਭਾਰਤ ਨੌਜਵਾਨ ਸਭਾ ਜ਼ਿਲਾ ਪ੍ਰਧਾਨ ਸੁਬੇਗ ਚੰਗੜ, ਗੁਰਦਿਆਲ ਢਾਬਾਂ, ਕੁਲਦੀਪ ਬਖੂਸ਼ਾਹ, ਬਲਵਿੰਦਰ ਮਹੱਲਾਹਮ, ਹਰਭਜਨ ਛੱਪੜੀ ਵਾਲਾ ਦੀ ਅਗਵਾਈ ਵਿਚ ਫ਼ਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ ਦਾ ਮੇਨ ਪੁਲ ਜਾਮ ਕਰਕੇ ਡਿਪਟੀ ਕਮਿਸ਼ਨਰ ਖਿਲਾਫ ਧਰਨਾ ਲਗਾਇਆ ਗਿਆ। ਇਹ ਧਰਨਾ ਅੱਜ ਸਵੇਰੇ ਕਰੀਬ 11 ਵਜੇ ਤੋਂ ਲੈ ਕੇ ਦੇਰ ਰਾਤ ਤਕ ਜਾਰੀ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅਸੀਂ ਨੈਸ਼ਨਲ ਹਾਈਵੇ ਬੰਦ ਰੱਖਾਂਗੇ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਉਧਰ ਦੂਜੇ ਪਾਸੇ ਪੁਲਿਸ ਬਲ ਵੀ ਮੌਕੇ ਉਤੇ ਤਾਇਨਾਤ ਹੈ।