ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ

ਚੋਗਾਵਾਂ/ਅੰਮ੍ਰਿਤਸਰ, 30 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਚੂਚਕਵਾਲ ਦੇ ਇਕ ਵਿਅਕਤੀ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਜਾਣ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਧਲਵਿੰਦਰ ਸਿੰਘ ਦੇ ਪਿਤਾ ਮੁਖਤਾਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਧਲਵਿੰਦਰ ਸਿੰਘ ਟੈਂਟ ਦਾ ਕੰਮ ਕਰਦਾ ਸੀ। ਪਿੰਡ ਚੈਨਪੁਰ ਸਮਾਗਮ 'ਚ ਲੋਹੇ ਦੀਆਂ ਪਾਈਪਾਂ ਲਗਾ ਰਿਹਾ ਸੀ, ਜਿਸ ਦੌਰਾਨ ਲੋਹੇ ਦੀ ਪਾਈਪ ਬਿਜਲੀ ਦੀਆਂ ਤਾਰਾਂ ਨੂੰ ਲੱਗ ਗਈ। ਉਨ੍ਹਾਂ ਦੇ ਪੁੱਤਰ ਧਲਵਿੰਦਰ ਸਿੰਘ ਨੂੰ ਬਿਜਲੀ ਦਾ ਜ਼ਬਰਦਸਤ ਝਟਕਾ ਲੱਗਾ। ਉਸ ਦੇ ਹੱਥ ਤੇ ਪੈਰ ਬੁਰੀ ਤਰ੍ਹਾਂ ਸੜ ਗਏ। ਜ਼ਖਮੀ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੇ ਦੋ ਮਾਸੂਮ ਛੋਟੀਆਂ ਬੱਚੀਆਂ ਛੱਡ ਗਿਆ ਹੈ।