ਲੋਹੀਆਂ ਨੇੜੇ ਅੰਮ੍ਰਿਤਸਰ ਜਾਮਨਗਰ ਨੈਸ਼ਨਲ ਹਾਈਵੇ ਲਈ ਭਾਰੀ ਪੁਲਿਸ ਫੋਰਸ ਨਾਲ ਪ੍ਰਸ਼ਾਸਨ ਨੇ ਲਿਆ ਕਬਜ਼ਾ



ਲੋਹੀਆਂ ਖਾਸ, 30 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਅੰਮ੍ਰਿਤਸਰ ਜਾਮ ਨਗਰ ਨੈਸ਼ਨਲ ਹਾਈਵੇ ਵਾਸਤੇ ਕੇਂਦਰ ਸਰਕਾਰ ਵਲੋਂ ਐਕਵਾਇਰ ਕੀਤੀ ਗਈ ਜ਼ਮੀਨ ਦੇ ਘੱਟ ਰੇਟ ਨੂੰ ਲੈ ਕੇ ਚਲਦੇ ਰੇੜਕੇ ਦੌਰਾਨ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਮੀਟਿੰਗਾਂ ਦੇ ਬਾਵਜੂਦ ਅੱਜ ਤੜਕੇ 4 ਵਜੇ ਤੋਂ ਲੋਹੀਆਂ ਟਰੱਕ ਯੂਨੀਅਨ ਦੇ ਨੇੜਿਓਂ ਲੰਘਦੇ ਇਸ ਹਾਈਵੇ ਲਈ ਵੱਡੀ ਪੁਲਿਸ ਫੋਰਸ ਨਾਲ ਪੁੱਜੇ ਪ੍ਰਸ਼ਾਸਨ ਅਤੇ ਸੜਕ ਠੇਕੇਦਾਰਾਂ ਵਲੋਂ ਕਬਜ਼ਾ ਲੈ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਵਾਸਤੇ ਜਲੰਧਰ ਦੇ ਐਸ.ਪੀ. ਸਰਬਜੀਤ ਸਿੰਘ ਰਾਏ, ਐਸ.ਪੀ. ਪਰਮਿੰਦਰ ਸਿੰਘ ਹੀਰ ਅਤੇ ਡੀ.ਐਸ.ਪੀ. ਸ਼ਾਹਕੋਟ ਉਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਸਵਾ ਚਾਰ ਸੌ ਦੇ ਕਰੀਬ ਪੁਲਿਸ ਅਫ਼ਸਰਾਂ ਤੇ ਕਰਮਚਾਰੀਆਂ ਦੇ ਬਲ ’ਤੇ ਪ੍ਰਸ਼ਾਸਨ ਵਲੋਂ ਡੀ. ਆਰ. ਓ. ਅਤੇ ਸ਼ਾਹਕੋਟ ਦੇ ਐਸ.ਡੀ.ਐਮ. ਸ਼ੁਭੀ ਆਂਗਰਾ ਦੀ ਅਗਵਾਈ ਹੇਠ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਸ ਮੌਕੇ ਮੌਜੂਦ ਕੁਝ ਕਿਸਾਨਾਂ ਨੇ ਪ੍ਰੈਸ ਨੂੰ ਦੱਸਿਆ ਕਿ ਸਾਡੇ ਨਾਲ ਪ੍ਰਸ਼ਾਸਨ ਨੇ ਸਰਾਸਰ ਧੱਕਾ ਕੀਤਾ ਹੈ, ਕਿਉਂਕਿ ਲਗਾਤਾਰ ਮੀਟਿੰਗਾਂ ਦੌਰਾਨ ਪ੍ਰਸ਼ਾਸਨ ਕੇਵਲ ਨਿਸ਼ਾਨੀਆਂ ਲਾਉਣ ਦੀ ਗੱਲ ਕਰਦਾ ਸੀ ਪਰ ਅੱਜ ਸਾਡੀ ਮੱਕੀ ਦੀ ਫਸਲ ਬਰਬਾਦ ਕਰ ਦਿੱਤੀ ਗਈ ਹੈ।