ਆਂਧਰਾ ਪ੍ਰਦੇਸ਼ ਹਾਦਸਾ: ਪ੍ਰਧਾਨ ਮੰਤਰੀ ਵਲੋਂ ਆਰਥਿਕ ਮਦਦ ਦਾ ਐਲਾਨ

ਨਵੀਂ ਦਿੱਲੀ, 30 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਕੰਧ ਡਿੱਗਣ ਕਾਰਨ ਹੋਏ ਜਾਨੀ ਨੁਕਸਾਨ ’ਤੇ ਦੁੱਖ ਪ੍ਰਗਟ ਕੀਤਾ ਹੈ ਤੇ ਉਨ੍ਹਾਂ ਵਲੋਂ ਇਸ ਹਾਦਸੇ ਦੇ ਪੀੜਤਾਂ ਲਈ ਮਾਲੀ ਮਦਦ ਦਾ ਵੀ ਐਲਾਨ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਕੰਧ ਡਿੱਗਣ ਕਾਰਨ ਹੋਏ ਜਾਨੀ ਨੁਕਸਾਨ ’ਤੇ ਡੂੰਘਾ ਦੁੱਖ ਹੈ। ਉਨ੍ਹਾਂ ਲੋਕਾਂ ਪ੍ਰਤੀ ਮੇਰੀ ਸੰਵੇਦਨਾ ਹੈ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ ਪੀ.ਐਮ.ਐਨ.ਆਰ.ਐਫ. ਤੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਮਦਦ ਦਿੱਤੀ ਜਾਵੇਗੀ ਤੇ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।