ਸ਼ਾਟ ਸਰਕਟ ਹੋਣ ਨਾਲ ਕਣਕ ਦਾ ਨਾੜ ਸੜਿਆ

ਨੱਥੂਵਾਲਾ ਗਰਬੀ, (ਮੋਗਾ), 25 ਅਪ੍ਰੈਲ (ਨਵਦੀਪ ਸਿੰਘ)- ਅੱਜ ਬਾਘਾ ਪੁਰਾਣਾ ਮੁੱਦਕੀ ਸੜਕ ਉੱਪਰ ਵਸੇ ਪਿੰਡ ਹਰੀਏਵਾਲਾ ਤੋਂ ਭਲੂਰ ਨੂੰ ਜਾਣ ਵਾਲੇ ਕੱਚੇ ਰਾਹ ਉੱਪਰ ਬਿਜਲੀ ਦੇ ਸ਼ਾਟ ਸਰਕਟ ਹੋਣ ਨਾਲ 10 ਤੋਂ ਪੰਦਰਾਂ ਕਿੱਲੇ ਨਾੜ ਸੜ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਪਿੰਡ ਦੇ ਸਰਪੰਚ ਕੁਲਵੀਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ, ਕੇਵਲ ਸਿੰਘ, ਪ੍ਰੀਤਮ ਸਿੰਘ ਦੇ ਖੇਤ ਵਿਚ ਲੱਗੇ ਹੋਏ ਬਿਜਲੀ ਦੇ ਖੰਬੇ ਤੋਂ ਜਦ ਚੰਗਿਆੜੇ ਡਿੱਗੇ ਤਾਂ ਦੇਖਦੇ ਹੀ ਦੇਖਦੇ ਨਾੜ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਨਿਵਾਸੀਆਂ ਵਲੋਂ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੰਦਿਆ ਹੀ ਫਾਇਰ ਬਿਗ੍ਰੇਡ ਦੀ ਗੱਡੀ 10 ਮਿੰਟ ਵਿਚ ਪਹੁੰਚ ਗਈ ਅਤੇ ਪਿੰਡ ਦੇ ਦੋ ਤਿੰਨ ਟਰੈਕਟਰ ਵੀ ਪਾਣੀ ਵਾਲੀਆਂ ਟੈਕੀਆਂ ਲੈ ਕੇ ਪਹੁੰਚ ਗਏ ਅਤੇ ਅੱਗ ਉੱਤੇ ਕਾਬੂ ਪਾ ਲਿਆ। ਜਦ ਇਸ ਸੰਬੰਧੀ ਬਿਜਲੀ ਮੁਲਾਜ਼ਮਾਂ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਜਦ ਸਾਡੇ ਵਲੋਂ ਇਸ ਲਾਈਨ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਲੱਗੀ ਹੋਈ ਖੰਬੇ ਦੀ ਖਿੱਚ ਜੋ ਕਿ ਕੁਝ ਸਮਾਂ ਪਹਿਲਾਂ ਖੇਤ ਵਾਲਿਆਂ ਵਲੋਂ ਪੁੱਟ ਦਿੱਤੀ ਗਈ ਸੀ, ਉਸ ਦੇ ਤਾਰਾਂ ਨਾਲ ਜੁੜਨ ਕਾਰਨ ਅੱਗ ਲੱਗ ਗਈ।