JALANDHAR WEATHER

25-04-2025

 ਬੜੀ ਸੰਘਰਸ਼ਮਈ ਹੈ ਪੱਤਰਕਾਰੀ
ਇਕ ਪੱਤਰਕਾਰ ਹਮੇਸ਼ਾ ਦੇਸ਼ ਦੀ ਭਲਾਈ ਲਈ ਕੰਮ ਕਰਦਾ ਹੈ। ਪੱਤਰਕਾਰ ਨੂੰ ਸਮਾਜ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਖ਼ਬਰਾਂ ਨਾ ਛਾਪਣ ਦਾ ਦਬਾਅ, ਜਾਨ ਨੂੰ ਧਮਕੀਆਂ ਮਿਲਣਾ, ਸਮੇਂ ਸਿਰ ਕੰਮ ਮੁਕੰਮਲ ਕਰਨ ਦਾ ਮਾਨਸਿਕ ਤਣਾਅ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਪੱਤਰਕਾਰ ਦੇਸ਼-ਦੁਨੀਆ ਦੇ ਗਿਆਨ ਨਾਲ ਭਰਪੂਰ ਹੁੰਦਾ ਹੈ, ਜੋ ਝੂਠ ਅਤੇ ਅਨਿਆਂ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ ਅਤੇ ਹਮੇਸ਼ਾ ਸਮਾਜਿਕ ਇਨਸਾਫ਼ ਲਈ ਲਿਖਦਾ ਹੈ। ਉਸ ਨੂੰ ਨਿੱਜੀ ਪੱਖਪਾਤ ਅਤੇ ਨੈਤਿਕ ਦੁਬਿਧਾਵਾਂ ਦੇ ਵਿਚਕਾਰ ਨਿਰਪੱਖਤਾ ਬਣਾਈ ਰੱਖਣ ਲਈ ਵੀ ਬਹੁਤ ਸੰਘਰਸ਼ ਕਰਨਾ ਪੈਂਦਾ ਹੈ ਅਤੇ ਕਾਨੂੰਨੀ ਖ਼ਤਰਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਗਗਨਦੀਪ ਸਿੰਘ,
ਸਮਰਾਲਾ।

ਅਲੋਪ ਹੋ ਰਿਹਾ ਸੱਭਿਆਚਾਰ

ਪੰਜਾਬੀ ਸੱਭਿਆਚਾਰ ਜੋ ਪੂਰੀ ਦੁਨੀਆ ਵਿਚ ਆਪਣੀ ਵਿਲੱਖਣਤਾ ਲਈ ਪ੍ਰਸਿੱਧ ਹੈ, ਅੱਜ ਆਪਣੀ ਪਛਾਣ ਗੁਆ ਰਿਹਾ ਹੈ, ਕਿਉਂਕਿ ਪੱਛਮੀ ਸੱਭਿਆਚਾਰ ਦਾ ਪੰਜਾਬ ਦੇ ਸੱਭਿਆਚਾਰ ਉੱਪਰ ਬਹੁਤ ਤੇਜ਼ੀ ਨਾਲ ਪ੍ਰਭਾਵ ਪੈ ਰਿਹਾ ਹੈ। ਪੰਜਾਬ ਦੇ ਲੋਕ ਨਾਚ, ਲੋਕ ਗੀਤ, ਲੋਕ ਕਥਾਵਾਂ, ਲੋਕ ਮੇਲੇ ਆਦਿ ਆਪਣੀ ਪਛਾਣ ਗੁਆ ਰਹੇ ਹਨ। ਪੰਜਾਬ ਦਾ ਪਹਿਰਾਵਾ, ਖਾਣ-ਪੀਣ ਅਤੇ ਤਿਉਹਾਰਾਂ ਦੀ ਰਵਾਇਤੀ ਰੂਪ-ਰੇਖਾ ਵੀ ਸਮੇਂ ਨਾਲ ਬਦਲ ਰਹੀ ਹੈ।
ਸਾਨੂੰ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਸੱਭਿਆਚਾਰ ਨਾਲ ਜੋੜਨ ਲਈ ਨਿਰੰਤਰ ਯਤਨ ਕਰਨੇ ਚਾਹੀਦੇ ਹਨ। ਜੇਕਰ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਨਾ ਕੀਤੀ ਗਈ ਤਾਂ ਇਹ ਰੰਗਲਾ ਸੱਭਿਆਚਾਰ ਕੇਵਲ ਕਿਤਾਬਾਂ ਅਤੇ ਇਤਿਹਾਸ ਵਿਚ ਕੈਦ ਹੋ ਕੇ ਰਹਿ ਜਾਵੇਗਾ।

-ਰਾਜਵੀਰ ਧਾਦਲੀ,
ਸਰਹਿੰਦ।

ਰੀਲਾਂ ਦੇਖਣ ਦਾ ਮਾੜਾ ਪ੍ਰਭਾਵ

ਮੋਬਾਈਲ 'ਤੇ ਰੀਲਾਂ ਦੇਖਣ ਦੇ ਕੁਝ ਮਾੜੇ ਪ੍ਰਭਾਵ ਹੋ ਸਕਦੇ ਹਨ, ਖ਼ਾਸ ਕਰਕੇ ਜਦੋਂ ਇਹ ਆਦਤ ਬਣ ਜਾਂਦੀ ਹੈ। ਰੀਲਾਂ ਛੋਟੀਆਂ ਤੇ ਆਕਰਸ਼ਕ ਹੁੰਦੀਆਂ ਹਨ, ਜਿਸ ਕਰਕੇ ਬੰਦਾ ਇਕ ਤੋਂ ਬਾਅਦ ਇਕ ਰੀਲ ਲਗਾਤਾਰ ਦੇਖਦਾ ਜਾਂਦਾ ਹੈ ਅਤੇ ਆਪਣਾ ਕੀਮਤੀ ਸਮਾਂ ਬਰਬਾਦ ਕਰਦਾ ਰਹਿੰਦਾ ਹੈ।
ਬਹੁਤੀ ਵਾਰੀ ਰੀਲਾਂ ਵਿਚ ਦਿਖਾਈ ਜ਼ਿੰਦਗੀ ਹਕੀਕਤ ਨਾਲੋਂ ਕਿਤੇ ਵੱਖਰੀ ਹੁੰਦੀ ਹੈ, ਜਿਸ ਨਾਲ ਸਾਡੇ ਵਿਚ ਆਪਣੇ ਜੀਵਨ ਬਾਰੇ ਨਕਾਰਾਤਮਕ ਸੋਚ ਆ ਸਕਦੀ ਹੈ। ਰੀਲਾਂ ਦੇਖਣ ਦੀ ਆਦਤ ਇਕ ਤਰ੍ਹਾਂ ਦੀ ਡਿਜੀਟਲ ਐਡਿਕਸ਼ਨ ਬਣ ਸਕਦੀ ਹੈ, ਜਿਸ ਤੋਂ ਛੁਟਕਾਰਾ ਪਾਉਣਾ ਔਖਾ ਹੋ ਜਾਂਦਾ ਹੈ।

-ਏਕਮਜੋਤ ਸਿੰਘ ਦਿਆਲਪੁਰਾ।

ਦੁੱਧ ਦੀ ਪੈਦਾਵਾਰ ਵਧਾਓ

ਦੇਸ਼ ਵਿਚ ਦੁੱਧ ਦੀ ਖਪਤ ਜ਼ਿਆਦਾ ਅਤੇ ਪੈਦਾਵਾਰ ਬਹੁਤ ਘੱਟ ਹੋਣ ਕਰਕੇ ਪੂਰੇ ਦੇਸ਼ ਵਿਚ ਨਕਲੀ ਦੁੱਧ ਦੀ ਵਿਕਰੀ ਆਮ ਹੀ ਹੋ ਰਹੀ ਹੈ। ਇਸ ਨਕਲੀ ਦੁੱਧ ਦੀ ਵਰਤੋਂ ਕਾਰਨ ਹੀ ਮਨੁੱਖ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਬਣ ਕੇ ਮੌਤ ਦੇ ਮੂੰਹ ਵਿਚ ਪੈ ਰਿਹਾ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਦੁੱਧ ਦੀ ਖਪਤ ਨੂੰ ਧਿਆਨ ਵਿਚ ਰੱਖਦੇ ਹੋਏ ਦੁੱਧ ਦੀ ਪੈਦਾਵਾਰ ਵਧਾਉਣ ਲਈ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰੇ, ਗਰੀਬ ਲੋਕਾਂ ਨੂੰ ਪਸ਼ੂ ਪਾਲਣ/ਰੱਖਣ ਲਈ ਵਿਸ਼ੇਸ਼ ਰਿਆਇਤਾਂ ਦੇਣੀਆਂ ਚਾਹੀਦੀਆਂ ਹਨ।
ਪਸ਼ੂਆਂ ਦਾ ਵੀ ਪੂਰਾ ਇਲਾਜ ਕਾਰਡ ਬਣਾ ਕੇ ਬਿਲਕੁਲ ਮੁਫ਼ਤ ਵਿਚ ਹੋਣਾ ਚਾਹੀਦਾ ਹੈ। ਸਰਕਾਰ ਵਲੋਂ ਅਜਿਹੀਆਂ ਰਿਆਇਤਾਂ ਦੇਣ ਸਦਕਾ ਹੀ ਆਮ ਲੋਕ ਪਸ਼ੂ ਪਾਲਣ ਪ੍ਰਤੀ ਉਤਸ਼ਾਹਿਤ ਹੋਣਗੇ।

-ਅੰਗਰੇਜ਼ ਸਿੰਘ ਵਿੱਕੀ ਕੋਟਗੁਰੂ
ਪਿੰਡ-ਡਾਕ. ਕੋਟਗੁਰੂ (ਬਠਿੰਡਾ)