ਅੱਗ ਲੱਗਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਸੜੀ

ਜ਼ੀਰਾ, 19 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)-ਪੁੱਤਾਂ ਵਾਂਗ ਪਾਲੀ ਕਣਕ ਹਨੇਰੀ ਦੇ ਚੱਲਦਿਆਂ ਅੱਜ ਜ਼ੀਰਾ ਨੇੜਲੇ ਪਿੰਡਾਂ ਵਿਚ ਅੱਗ ਲੱਗਣ ਨਾਲ ਸੈਂਕੜੇ ਏਕੜ ਕਣਕ ਅਤੇ ਨਾੜ ਸੜਨ ਦਾ ਦੁਖਦਾਈ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮੱਲੋਕੇ ਪਿੰਡ ਦੇ ਨਜ਼ਦੀਕ ਹੱਡਾ ਰੋੜੀ ਨੇੜਿਓਂ ਲੱਗੀ ਅੱਗ ਇਸ ਕਦਰ ਵੱਧ ਗਈ ਕਿ ਪਿੰਡ ਗਾਮੇ ਵਾਲੀ, ਬਸਤੀ ਮੱਲੋ ਕੇ, ਹਾਜੀ ਵਾਲੀ, ਬਸਤੀ ਮਲਸੀਆਂ ਆਦਿ ਸੈਂਕੜੇ ਏਕੜ ਰਕਬਿਆਂ ਵਿਚ ਫੈਲ ਗਈ, ਜਿਸ ਨਾਲ ਪੁੱਤਾਂ ਵਾਂਗ ਪਾਲੀ ਕਿਸਾਨਾਂ ਦੀ ਕਣਕ ਅੱਗ ਦੀ ਭੇਟ ਚੜ੍ਹ ਗਈ। ਇਸ ਮੌਕੇ ਧਰਮਕੋਟ, ਫ਼ਿਰੋਜ਼ਪੁਰ ਅਤੇ ਜ਼ੀਰਾ ਦੀਆਂ 6 ਫਾਇਰ ਬ੍ਰਿਗੇਡ ਗੱਡੀਆਂ ਅੱਗ ਬੁਝਾਉਣ ਲਈ ਮੌਜੂਦ ਸਨ ਪਰ ਅੱਗ ਇੰਨੀ ਭਿਆਨਕ ਸੀ ਕਿ ਅੱਗ ਬੁਝਾਉਣ ਦੇ ਬਾਵਜੂਦ ਵੀ ਉਹ ਬਸਤੀ ਬੂਟੇ ਵਾਲੀ ਅਤੇ ਹੋਰ ਇਲਾਕਿਆਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਸੀ। ਇਸ ਅੱਗ ਨਾਲ ਜਿਥੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਉਥੇ ਹੀ ਇਸ ਲੱਗੀ ਅੱਗ ਵਿਚ ਕਿਸਾਨਾਂ ਦੇ ਟਰੈਕਟਰ ਅਤੇ ਕੰਬਾਈਨ ਦੇ ਸੜਨ ਦਾ ਵੀ ਸਮਾਚਾਰ ਹੈ। ਇਸ ਮੌਕੇ ਇਲਾਕੇ ਦੇ ਕਈ ਕਿਸਾਨ ਆਪਣੇ ਟਰੈਕਟਰਾਂ ਨਾਲ ਜ਼ਮੀਨ ਵਾਹ ਕੇ ਅੱਗ ਲੱਗਣ ਤੋਂ ਬਚਾਅ ਕਰ ਰਹੇ ਸਨ। ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਸੀ।