ਹਥਿਆਰਾਂ, ਨਸ਼ਿਆਂ ਤੇ ਲੱਖਾਂ ਦੀ ਡਰੱਗ ਮਨੀ ਸਮੇਤ 3 ਕਾਬੂ

ਚੋਗਾਵਾਂ/ਅੰਮ੍ਰਿਤਸਰ, 19 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਅਤੇ ਸ੍ਰੀ ਮਨਿੰਦਰ ਸਿੰਘ ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ 7 ਗਲੌਕ ਪਿਸਟਲ 9 ਐਮ. ਐਮ., 7 ਮੈਗਜ਼ੀਨ, 7 ਰੌਂਦ, 2 ਕਿਲੋ ਹੈਰੋਇਨ ਅਤੇ 2 ਲੱਖ ਰੁਪਏ ਡਰੱਗ ਮਨੀ ਅਤੇ ਇਕ ਆਟੋ ਰਿਕਸ਼ਾ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਗੁਪਤ ਸੂਚਨਾ ਦੇ ਆਧਾਰ ਉਤੇ ਇੰਚਾਰਜ ਸਪੈਸ਼ਲ ਸੈੱਲ ਵਲੋਂ ਪੁਲਿਸ ਪਾਰਟੀ ਦੀ ਮਦਦ ਨਾਲ ਜਤਿੰਦਰ ਸਿੰਘ ਪਿੰਡ ਕਾਉਂਕੇ, ਰਣਜੀਤ ਸਿੰਘ ਉਰਫ ਜੀਤ ਪਿੰਡ ਢੰਡੀਵਿੰਡ ਅਤੇ ਕਰਨ ਪੁੱਤਰ ਸੰਦੀਪ ਸਿੰਘ ਵਾਸੀ ਸਰਪੰਚ ਵਾਲਾ ਚੌਕ, ਨੂੰ 7 ਗਲੌਕ ਪਿਸਟਲ 9 ਐਮ. ਐਮ. ਸਮੇਤ 7 ਮੈਗਜ਼ੀਨ ਅਤੇ 7 ਰੌਂਦ ਅਤੇ ਇਕ ਆਟੋ ਰਿਕਸ਼ਾ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਉਕਤ ਗ੍ਰਿਫਤਾਰ ਦੋਸ਼ੀਆਂ ਕੋਲੋਂ ਮੁੱਢਲੀ ਤਫਤੀਸ਼ ਦੌਰਾਨ 2 ਕਿਲੋ ਹੈਰੋਇਨ ਅਤੇ 2 ਲੱਖ ਡਰੱਗ ਮਨੀ ਹੋਰ ਬਰਾਮਦ ਹੋਈ ਹੈ। ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮੁਕਦਮਾ ਦਰਜ ਕੀਤਾ ਗਿਆ ਹੈ।