ਪੰਜਗਰਾਈਂ ਕਲਾਂ 'ਚ ਅੱਗ ਲੱਗਣ ਨਾਲ ਸੈਂਕੜੇ ਏਕੜ ਕਣਕ ਤੇ ਨਾੜ ਸੜ ਕੇ ਸੁਆਹ

ਪੰਜਗਰਾਈਂ ਕਲਾਂ, 19 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)-ਅੱਜ ਬਾਅਦ ਦੁਪਹਿਰ ਸਿਵੀਆਂ ਵਾਲੇ ਘਰਾਟਾਂ ਕੋਲ ਪਿੰਡ ਢਿੱਲਵਾਂ ਕਲਾਂ ਨੂੰ ਜਾਣ ਵਾਲੀ ਸੰਪਰਕ ਸੜਕ ਨਾਲ ਲੱਗਦੇ ਖੇਤਾਂ ’ਚ ਬਿਜਲੀ ਦੇ ਸ਼ਾਰਟ-ਸਰਕਟ ਕਾਰਨ ਲੱਗੀ ਅੱਗ ਕਾਰਨ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲ਼ੀਆਂ ਸੈਂਕੜੇ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਅਚਾਨਕ ਲੱਗੀ ਅੱਗ ਨੇ ਤੇਜ਼ ਹਵਾ ਕਾਰਨ ਇੰਨਾ ਭਿਆਨਕ ਰੂਪ ਲੈ ਲਿਆ ਕਿ ਤਿੰਨ ਪਿੰਡਾਂ ਢਿੱਲਵਾਂ ਕਲਾਂ, ਪੰਜਗਰਾਈਂ ਕਲਾਂ ਅਤੇ ਕੋਠੇ ਥੇਹ ਵਿਚ ਜਾ ਪੁੱਜੀ। ਵੱਖ-ਵੱਖ ਪਿੰਡਾਂ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਵਲੋਂ ਮੁਸ਼ਕਿਲ ਨਾਲ ਅੱਗ ਉਤੇ ਕਾਬੂ ਪਾਇਆ ਗਿਆ। ਪਿੰਡ ਢਿੱਲਵਾਂ ਕਲਾਂ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਮੈਂਗਲ ਸਿੰਘ ਬਰਾੜ, ਸਾਬਕਾ ਪੰਚ ਮੱਖਣ ਸਿੰਘ ਥਾਲੀਵਾਲ, ਸਾਬਕਾ ਪੰਚ ਰੂਪ ਸਿੰਘ, ਡਾ. ਪ੍ਰੀਤਮ ਸਿੰਘ ਨੇ ਦੱਸਿਆ ਕਿ ਸ਼ਹਿਰੀ ਫੀਡਰ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਲੱਗੀ ਅੱਗ ਨੇ ਮਹਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਪੁੱਤਰ ਸੂਖਮ ਸਿੰਘ ਦੇ 10 ਏਕੜ, ਜਸਵਿੰਦਰ ਸਿੰਘ ਪੁੱਤਰ ਰਾਮ ਸਿੰਘ 9 ਏਕੜ, ਸਿਕੰਦਰ ਸਿੰਘ 10 ਏਕੜ, ਸੁਖਮੰਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ 15 ਏਕੜ ਤੋਂ ਇਲਾਵਾ ਪਿੰਡ ਦੇ ਹੋਰ ਕਿਸਾਨਾਂ ਦੀ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਗਈ।