ਪਹਿਲਾਂ ਕਿਸੇ ਰਾਜ ਸਭਾ ਚੇਅਰਮੈਨ ਨੇ ਇੰਝ ਸਿਆਸੀ ਟਿੱਪਣੀਆਂ ਨਹੀਂ ਕੀਤੀਆਂ - ਸਿੱਬਲ

ਨਵੀਂ ਦਿੱਲੀ , 18 ਅਪ੍ਰੈਲ - ਰਾਸ਼ਟਰਪਤੀ ਵਲੋਂ ਫ਼ੈਸਲੇ ਲਏ ਜਾਣ ਸੰਬੰਧੀ ਸਮਾਂ ਸੀਮਾ ਤੈਅ ਕਰਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਉਤੇ ਸਵਾਲ ਉਠਾਉਣ ਲਈ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ “ਗੈਰ-ਸੰਵਿਧਾਨਕ” ਹੈ ਅਤੇ ਉਨ੍ਹਾਂ ਨੇ ਕਦੇ ਵੀ ਪਹਿਲਾਂ ਕਿਸੇ ਰਾਜ ਸਭਾ ਚੇਅਰਮੈਨ ਨੂੰ ਇਸ ਕਿਸਮ ਦੀ ‘ਸਿਆਸੀ ਬਿਆਨਬਾਜ਼ੀ’ ਕਰਦਿਆਂ ਨਹੀਂ ਦੇਖਿਆ। ਧਨਖੜ ਵਲੋਂ ਦੇਸ਼ ਦੇ ਅਦਾਲਤੀ ਨਿਜ਼ਾਮ ਵਿਰੁੱਧ ਸਖ਼ਤ ਸ਼ਬਦਾਂ ਦੀ ਵਰਤੋਂ ਕਰਨ ਤੋਂ ਇਕ ਦਿਨ ਬਾਅਦ ਸਿੱਬਲ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਚੇਅਰਮੈਨ ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ ਵਿਚਕਾਰ ਬਰਾਬਰ ਫ਼ਾਸਲਾ ਬਣਾ ਕੇ ਰੱਖਦੇ ਹਨ ਅਤੇ “ਪਾਰਟੀ ਦੇ ਬੁਲਾਰੇ” ਨਹੀਂ ਹੋ ਸਕਦੇ।