ਜ਼ਿਲ੍ਹੇ ਦੇ 252 ਠੇਕੇ ਇਸ ਸਾਲ 309.43 ਕਰੋੜ 'ਚ ਅਲਾਟ ਕੀਤੇ ਜਾਣਗੇ - ਸੁਖਜੀਤ ਸਿੰਘ ਚਾਹਲ
ਕਪੂਰਥਲਾ, 18 ਮਾਰਚ (ਅਮਰਜੀਤ ਕੋਮਲ)-ਆਬਕਾਰੀ ਵਿਭਾਗ ਕਪੂਰਥਲਾ ਵਲੋਂ ਜ਼ਿਲ੍ਹੇ ਦੇ ਸ਼ਰਾਬ ਦੇ 8 ਸਰਕਲਾਂ ਦੇ ਠੇਕਿਆਂ ਵਿਚੋਂ 4 ਸਰਕਲਾਂ ਦੇ 152 ਠੇਕੇ ਈ-ਟੈਂਡਰ ਰਾਹੀਂ 4 ਗਰੁੱਪਾਂ ਨੂੰ ਸੁਰਿੰਦਰ ਕੁਮਾਰ ਗਰਗ ਡਿਪਟੀ ਕਮਿਸ਼ਨਰ ਆਬਕਾਰੀ ਵਿਭਾਗ ਜਲੰਧਰ ਤੇ ਨਵਜੀਤ ਸਿੰਘ ਸਹਾਇਕ ਕਮਿਸ਼ਨਰ ਆਬਕਾਰੀ ਕਪੂਰਥਲਾ ਦੀ ਦੇਖ ਰੇਖ ਹੇਠ ਅਲਾਟ ਕੀਤੇ ਗਏ ਹਨ ਜਦਕਿ 3 ਸਰਕਲਾਂ ਦੇ ਸ਼ਰਾਬ ਦੇ 100 ਠੇਕੇ ਇਸੇ ਪ੍ਰਕਿਰਿਆ ਰਾਹੀਂ 20 ਮਾਰਚ ਨੂੰ ਅਲਾਟ ਕੀਤੇ ਜਾਣਗੇ। ਜਾਣਕਾਰੀ ਦਿੰਦਿਆਂ ਸੁਖਜੀਤ ਸਿੰਘ ਚਾਹਲ ਆਬਕਾਰੀ ਅਫ਼ਸਰ ਕਪੂਰਥਲਾ ਨੇ ਦੱਸਿਆ ਕਿ ਜਿਹੜੇ ਸਰਕਲਾਂ ਦੇ ਸ਼ਰਾਬ ਦੇ ਠੇਕੇ 17 ਮਾਰਚ ਨੂੰ ਈ-ਟੈਂਡਰ ਰਾਹੀਂ ਅਲਾਟ ਕੀਤੇ ਗਏ ਹਨ, ਉਨ੍ਹਾਂ ਵਿਚ ਸਰਕਲ ਕਪੂਰਥਲਾ-1, ਕਪੂਰਥਲਾ ਸਰਕਲ-2, ਸਰਕਲ ਤਲਵੰਡੀ ਚੌਧਰੀਆਂ ਤੇ ਸਰਕਲ ਫਗਵਾੜਾ ਬੱਸ ਸਟੈਂਡ ਸ਼ਾਮਿਲ ਹਨ। ਜਿਹੜੇ ਸ਼ਰਾਬ ਦੇ ਸਰਕਲ ਹਾਲੇ ਅਲਾਟ ਕੀਤੇ ਜਾਣੇ ਹਨ, ਉਨ੍ਹਾਂ ਵਿਚ ਫਗਵਾੜਾ ਸਰਕਲ-2, ਫਗਵਾੜਾ ਸਰਕਲ-3 ਚੰਡੀਗੜ੍ਹ ਰੋਡ ਉਤੇ ਬੇਗੋਵਾਲ ਸਰਕਲ ਹੋਣਗੇ। ਆਬਕਾਰੀ ਅਫ਼ਸਰ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਦੇ 8 ਸਰਕਲਾਂ ਦੇ ਸ਼ਰਾਬ ਦੇ ਠੇਕੇ 291.43 ਕਰੋੜ ਵਿਚ ਅਲਾਟ ਕੀਤੇ ਗਏ ਸਨ, ਜਦਕਿ ਇਸ ਵਾਰ ਇਹ ਠੇਕੇ 309.43 ਕਰੋੜ ਰੁਪਏ ਵਿਚ ਅਲਾਟ ਕੀਤੇ ਜਾਣਗੇ, ਇਸ ਨਾਲ ਆਬਕਾਰੀ ਵਿਭਾਗ ਨੂੰ 16 ਕਰੋੜ ਰੁਪਏ ਦੀ ਵੱਧ ਆਮਦਨ ਹੋਵੇਗੀ। ਇਥੇ ਵਰਨਣਯੋਗ ਹੈ ਕਿ ਜਿਹੜੇ 4 ਸਰਕਲਾਂ ਦੇ ਠੇਕੇ ਅਲਾਟ ਕੀਤੇ ਗਏ ਹਨ, ਉਨ੍ਹਾਂ ਠੇਕਿਆਂ ਵਿਚ ਵਿਭਾਗ ਦੀ ਆਮਦਨ ਵਿਚ ਪਿਛਲੇ ਸਾਲ ਦੇ ਮੁਕਾਬਲੇ 7 ਕਰੋੜ 92 ਲੱਖ ਰੁਪਏ ਦਾ ਵਾਧਾ ਹੋਇਆ ਹੈ।