ਗੰਜਾਪਨ ਦੂਰ ਕਰਨ ਦੀ ਦਵਾਈ ਲਗਵਾਉਣ ਆਏ ਲੋਕਾਂ ਨੂੰ ਅੱਖਾਂ ਦੀ ਹੋਈ ਇਨਫੈਕਸ਼ਨ

ਸੰਗਰੂਰ, 17 ਮਾਰਚ- ਸੰਗਰੂਰ ਦੇ ਮਾਤਾ ਕਾਲੀ ਦੇਵੀ ਮੰਦਿਰ ਵਿਖੇ ਗੰਜੇਪਨ ਦੇ ਇਲਾਜ ਲਈ ਇਕ ਸੰਸਥਾ ਵਲੋਂ ਇਕ ਕੈਂਪ ਲਗਾਇਆ ਗਿਆ। ਇਸ ਸਮੇਂ ਦੌਰਾਨ, ਲਗਭਗ 20 ਲੋਕਾਂ ਨੂੰ ਸਿਰ ’ਤੇ ਤੇਲ ਲਗਾਉਣ ਕਾਰਨ ਅੱਖਾਂ ਦੀ ਲਾਗ ਹੋ ਗਈ। ਅੱਖਾਂ ਵਿਚ ਦਰਦ ਹੋਣ ਕਾਰਨ, ਲੋਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚੇ, ਜਿੱਥੇ ਡਾਕਟਰਾਂ ਦੀ ਇਕ ਟੀਮ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ। ਜਾਣਕਾਰੀ ਅਨੁਸਾਰ ਇਸ ਕੈਂਪ ਲਈ ਪ੍ਰਸ਼ਾਸਨ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ। ਐਸ.ਡੀ.ਐਮ. ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖੇਡਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਵਿਚ ਸੰਗਰੂਰ ਦੇ ਨਾਲ-ਨਾਲ ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ ਸਨ। ਜਿਵੇਂ ਹੀ ਸਿਰ ’ਤੇ ਤੇਲ ਲਗਾਇਆ ਤਾਂ ਲੋਕਾਂ ਦੀਆਂ ਅੱਖਾਂ ਸੁੱਜ ਜਾਂਦੀਆਂ ਅਤੇ ਦਰਦ ਹੋਣ ਲੱਗ ਪਿਆ। ਲੋਕ ਇਲਾਜ ਲਈ ਸਰਕਾਰੀ ਹਸਪਤਾਲ ਪੁੱਜੇ। ਐਮਰਜੈਂਸੀ ਵਿਚ ਤਾਇਨਾਤ ਡਾਕਟਰ ਦੇ ਅਨੁਸਾਰ, ਹੁਣ ਤੱਕ 20 ਲੋਕ ਆਪਣਾ ਇਲਾਜ ਕਰਵਾ ਕੇ ਵਾਪਸ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਅੱਖਾਂ ਦੇ ਮਾਹਰ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਗਈ ਹੈ।