ਕਿਸਾਨਾਂ ਵਲੋਂ ਇਨਸਾਫ ਲਈ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ

ਜੈਤੋ (ਫਰੀਦਕੋਟ), 17 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਜੈਤੋ ਦੇ ਵਸਨੀਕ ਰਾਜ ਸਿੰਘ ਰਾਜੂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜੈਤੋ ਥਾਣੇ ਅੱਗੇ ਲੱਗੇ ਧਰਨੇ ਦੇ ਅੱਜ ਤੀਜੇ ਦਿਨ ਪੁਲਿਸ ਪ੍ਰਸ਼ਾਸਨ ਦੀ ਅਰਥੀ ਸਾੜ ਕੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਦੱਸਿਆ ਕਿ ਰਾਜ ਸਿੰਘ ਰਾਜੂ ਨੇ ਆਰਥਿਕ ਹਾਲਤ ਖਰਾਬ ਹੋਣ ਕਾਰਨ ਆਪਣੀ ਸਾਰੀ ਜ਼ਮੀਨ 2 ਏਕੜ ਵੇਚ ਦਿੱਤੀ ਸੀ। ਜਦੋਂ ਕਰਜ਼ਾ ਉਤਾਰਨ ਉਪਰੰਤ ਬਚੇ ਰੁਪਏ ਨਾਲ ਉਸ ਨੇ ਪਿੰਡ ਕੋਟਲੀ ਅਬਲੂ ਵਿਖੇ ਜ਼ਮੀਨ ਗਹਿਣੇ ਲੈ ਲਈ ਸੀ, ਜਿਸ ਨੂੰ ਠੇਕੇ ਉਤੇ ਵੀ ਉਸੇ ਵਿਅਕਤੀ ਨੂੰ ਦਿੱਤੀ ਸੀ ਪਰ ਉਕਤ ਵਿਅਕਤੀ ਨੇ ਨਾ ਤਾਂ ਰਾਜ ਸਿੰਘ ਰਾਜੂ ਨੂੰ ਜ਼ਮੀਨ ਦਾ ਬਣਦਾ ਠੇਕਾ ਦਿੱਤਾ ਅਤੇ ਨਾ ਹੀ ਗਹਿਣੇ ਲਈ ਜ਼ਮੀਨ ਦਾ ਕਬਜ਼ਾ ਦਿੱਤਾ ਤਾਂ ਰਾਜੂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹੋਏ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਆਪਣੀ ਜ਼ਮੀਨ ਅਤੇ ਰੁਪਏ ਖੁੱਸਣ ਦੀ ਪ੍ਰੇਸ਼ਾਨੀ ਕਾਰਨ ਕਰੀਬ ਚਾਰ ਮਹੀਨੇ ਪਹਿਲਾਂ ਹਾਰਟ ਅਟੈਕ ਕਾਰਨ ਰਾਜ ਸਿੰਘ ਰਾਜੂ ਦੀ ਮੌਤ ਹੋ ਗਈ। ਉਪਰੰਤ ਜਥੇਬੰਦੀ ਵਲੋਂ ਮ੍ਰਿਤਕ ਰਾਜ ਸਿੰਘ ਰਾਜੂ ਦੀ ਦੇਹ ਨੂੰ ਥਾਣਾ ਜੈਤੋ ਅੱਗੇ ਰੱਖ ਕੇ ਇਨਸਾਫ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਲੈ ਕੇ ਜੈਤੋ ਪੁਲਿਸ ਪ੍ਰਸ਼ਾਸਨ ਨੇ ਦੋਵਾਂ ਧਿਰਾਂ ਵਿਚ ਸਮਝੌਤਾ ਕਰਵਾ ਦਿੱਤਾ ਪਰ ਰਾਜ ਸਿੰਘ ਰਾਜੂ ਦੇ ਪਰਿਵਾਰ ਨੂੰ ਸਮਝੌਤੇ ਮੁਤਾਬਕ ਇਨਸਾਫ਼ ਨਹੀਂ ਮਿਲਿਆ। ਉਕਤ ਰੋਸ ਦੇ ਚਲਦਿਆਂ ਜੈਤੋ ਪੁਲਿਸ ਪ੍ਰਸ਼ਾਸਨ ਦੀ ਅਰਥੀ ਫੂਕੀ ਗਈ ਅਤੇ ਇਨਸਾਫ ਨਾ ਮਿਲਣ ਦੀ ਸੂਰਤ ਵਿਚ ਐਕਸ਼ਨ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਮੱਤਾ, ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ, ਜੈਤੋ ਬਲਾਕ ਪ੍ਰਧਾਨ ਜਗਜੀਤ ਸਿੰਘ ਜੈਤੋ, ਬਲਾਕ ਜੈਤੋ ਆਗੂ ਛਿੰਦਾ ਸਿੰਘ ਦਲ ਸਿੰਘ ਵਾਲਾ, ਮਨਪ੍ਰੀਤ ਕੌਰ ਜੈਤੋ, ਸ਼ਰਨਜੀਤ ਕੌਰ ਜੈਤੋ, ਪਰਮਜੀਤ ਕੌਰ ਜੈਤੋ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ, ਵੱਖ-ਵੱਖ ਇਕਾਈਆਂ ਦੇ ਆਗੂ, ਵਰਕਰ ਅਤੇ ਬੀਬੀਆਂ ਮੌਜੂਦ ਸਨ।