ਅਣਪਛਾਤੇ ਵ੍ਹੀਕਲ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 1 ਵਿਅਕਤੀ ਦੀ ਮੌਤ

ਜੈਤੋ (ਫਰੀਦਕੋਟ), 17 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਸਥਾਨਕ ਬਠਿੰਡਾ ਰੋਡ ’ਤੇ ਸਥਿਤ ਰੌਂਤੇ ਰਜਬਾਹੇ ਨਾਲ ਬਣੇ ਦਬੜੀਖਾਨਾ-ਬਾਜਾਖਾਨਾ ਰੋਡ ਨੂੰ ਮਿਲਾਉਣ ਵਾਲੇ ਬਾਈਪਾਸ ’ਤੇ ਅਣਪਛਾਤੇ ਵ੍ਹੀਕਲ ਚਾਲਕ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਸਮਾਜ ਸੇਵੀ ਸੰਸਥਾ ਚੜ੍ਹਦੀ ਕਲ੍ਹਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ (ਰਜਿ.) ਜੈਤੋ ਦੇ ਪ੍ਰਧਾਨ ਮੀਤ ਸਿੰਘ ਮੀਤਾ ਨੇ ਦੱਸਿਆ ਕਿ ਸੰਸਥਾ ਦੇ ਫੋਨ ਨੰਬਰ ’ਤੇ ਸੂਚਨਾ ਮਿਲੀ ਕਿ ਰੌਂਤੇ ਰਜਬਾਹੇ ਨਾਲ ਬਣੇ ਦਬੜੀਖਾਨ੍ਹਾ-ਬਾਜਾਖਾਨਾ ਰੋਡ ਨੂੰ ਮਿਲਾਉਣ ਵਾਲੇ ਬਾਈਪਾਸ ਉੱਤੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਰੂਪ ਵਿਚ ਫੱਟੜ ਪਿਆ ਹੈ ਤਾਂ ਉਹ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਫੱਟੜ ਵਿਅਕਤੀ ਨੂੰ ਚੁੱਕ ਕੇ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਜਿਥੇ ਡਾਕਟਰ ਨੇ ਫੱਟੜ ਮਨੋਹਰ ਸਿੰਘ (61) ਪੁੱਤਰ ਦਰਸ਼ਨ ਸਿੰਘ ਵਾਸੀ ਕੋਠੇ ਢਿੱਲਵਾਂ ਵਾਲੇ (ਦਬੜ੍ਹੀਖਾਨਾ ਰੋਡ) ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਜੈਤੋ ਦੇ ਐਸ.ਐਚ.ਓ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਨੋਹਰ ਸਿੰਘ ਦੇ ਪਰਿਵਾਰ ਵਲੋਂ ਕਿਸੇ ਵੀ ਵਿਅਕਤੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਵਾਈ ਗਈ।