ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੀਆਂ ਟਿੱਪਣੀਆਂ ਨੂੰ ਲੈ ਕੇ ਰਾਜ ਸਭਾ ’ਚ ਹੰਗਾਮਾ

ਨਵੀਂ ਦਿੱਲੀ, 11 ਮਾਰਚ- ਰਾਜ ਸਭਾ ਵਿਚ ਭਾਜਪਾ ਵਲੋਂ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੀਆਂ ਟਿੱਪਣੀਆਂ ’ਤੇ ਇਤਰਾਜ਼ ਕਰਨ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਇਸ ਦੌਰਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਮੈਂ ਤੁਹਾਨੂੰ (ਡਿਪਟੀ ਚੇਅਰਮੈਨ) ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੈਨੂੰ ਬੋਲਣ ਦੀ ਇਜਾਜ਼ਤ ਦਿਓ। ਉਨ੍ਹਾਂ ਦੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ, ਸਦਨ ਦੇ ਨੇਤਾ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਕਿਹਾ ਕਿ ਉਨ੍ਹਾਂ ਦੁਆਰਾ ਵਰਤੀ ਗਈ ਭਾਸ਼ਾ ਅਤੇ ਕੁਰਸੀ ’ਤੇ ਹਮਲਾ ਨਿੰਦਣਯੋਗ ਹੈ। ਉਨ੍ਹਾਂ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ ਅਤੇ ਕੁਰਸੀ ਲਈ ਇਸ ਭਾਸ਼ਾ ਦੀ ਵਰਤੋਂ ਕਰਨ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ ਜਾਂ ਇਸਨੂੰ ਹਟਾ ਦੇਣਾ ਚਾਹੀਦਾ ਹੈ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਮੈਂ ਤੁਹਾਡੇ (ਡਿਪਟੀ ਚੇਅਰਮੈਨ) ਤੋਂ ਮੁਆਫੀ ਮੰਗਦਾ ਹਾਂ, ਮੈਂ ਤੁਹਾਡੇ ਲਈ ਇਹ ਸ਼ਬਦ ਨਹੀਂ ਵਰਤੇ ਹਨ। ਮੈਂ ਕਿਹਾ ਹੈ ਕਿ ‘ਹਮ ਸਰਕਾਰ ਕੀ ਨੀਤੀਓਂ ਕੋ ਠੋਕਾਂਗੇ’। ਮੈਂ ਤੁਹਾਡੇ ਤੋਂ ਮੁਆਫੀ ਮੰਗਦਾ ਹਾਂ, ਸਰਕਾਰ ਤੋਂ ਨਹੀਂ।