ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਉਡਾਣ ’ਚ ਮਿਲੀ ਬੰਬ ਦੀ ਧਮਕੀ

ਮਹਾਰਾਸ਼ਟਰ, 10 ਮਾਰਚ- ਮੁੰਬਈ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਜਲਦਬਾਜ਼ੀ ਵਿਚ, ਜਹਾਜ਼ ਨੂੰ ਹਵਾ ਵਿਚ ਹੀ ਮੁੰਬਈ ਵੱਲ ਮੋੜ ਦਿੱਤਾ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੁੰਬਈ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ ਵਿਚ ਬੰਬ ਰੱਖੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਵਾਪਸ ਮੁੰਬਈ ਲਿਆਂਦਾ ਗਿਆ। ਜਹਾਜ਼ ਵਿਚ 320 ਤੋਂ ਵੱਧ ਲੋਕ ਸਵਾਰ ਸਨ ਅਤੇ ਇਸ ਨੂੰ ਮੁੰਬਈ ਵਿਚ ਸੁਰੱਖਿਅਤ ਉਤਾਰ ਦਿੱਤਾ ਗਿਆ। ਸੁਰੱਖਿਆ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ। ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਅੱਜ, 10 ਮਾਰਚ 2025 ਨੂੰ ਮੁੰਬਈ-ਨਿਊਯਾਰਕ ਉਡਾਣ ਵਿਚ ਸੰਭਾਵੀ ਸੁਰੱਖਿਆ ਖਤਰੇ ਦਾ ਪਤਾ ਲੱਗਿਆ ਹੈ। ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਕਰਨ ਤੋਂ ਬਾਅਦ, ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ, ਜਹਾਜ਼ ਨੂੰ ਵਾਪਸ ਮੁੰਬਈ ਲਿਜਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਵਿਚ ਬੰਬ ਰੱਖੇ ਜਾਣ ਸੰਬੰਧੀ ਇਕ ਪੱਤਰ ਜਹਾਜ਼ ਦੇ ਬਾਥਰੂਮ ਵਿਚੋਂ ਮਿਲਿਆ ਹੈ।