ਮਾਲਵੇ 'ਚ ਮੁੜ ਨਰਮੇ ਦੀ ਫ਼ਸਲ ਬਹਾਲੀ ਅਤੇ ਮੱਕੀ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹਾਂ - ਰਾਣਾ ਗੁਰਜੀਤ ਸਿੰਘ
ਸ੍ਰੀ ਮੁਕਤਸਰ ਸਾਹਿਬ, 10 ਮਾਰਚ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 'ਨਵੀਂ ਸੋਚ ਨਵਾਂ ਪੰਜਾਬ' ਤਹਿਤ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ ਵਿਧਾਇਕ ਸੁਲਤਾਨਪੁਰ ਲੋਧੀ ਨੇ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਝੋਨੇ ਦੇ ਬਦਲ ਲਈ ਉਹ ਯਤਨਸ਼ੀਲ ਹਨ। ਮਾਲਵਾ ਖੇਤਰ ਵਿਚ ਮੁੜ ਨਰਮੇ ਦੀ ਫ਼ਸਲ ਦੀ ਬਹਾਲੀ ਅਤੇ ਮੱਕੀ ਦੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਮੱਕੀ ਦੀ ਫ਼ਸਲ 'ਤੇ ਉਹ ਐਮ.ਐਸ ਪੀ। ਦੇਣਗੇ। ਕਿਸਾਨਾਂ ਨੂੰ ਕੋਈ ਫਿਕਰ ਨਹੀਂ, ਉਹ ਬਿਜਾਈ ਕਰਨ ਅਤੇ ਖ਼ਰੀਦ ਸਾਡੇ ਵਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਕਾਰਨ ਮਾਲਵੇ ਦੀ ਸਰਦਾਰੀ ਸੀ, ਜਿਸ ਨਾਲ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਦਾ ਕਾਰੋਬਾਰ ਵੀ ਚੱਲਦਾ ਸੀ। ਕਾਟਨ ਫੈਕਟਰੀਆਂ ਕਾਰਨ ਫੈਕਟਰੀ ਮਾਲਕ ਵੀ ਖੁਸ਼ਹਾਲ ਸਨ ਅਤੇ ਸਾਰੇ ਵਰਗਾਂ ਨੂੰ ਕੰਮ ਮਿਲਦਾ ਸੀ, ਪਰ ਇਸ ਖੇਤਰ ਵਿਚ ਵੀ ਝੋਨੇ ਦੀ ਬਿਜਾਈ ਵਧ ਗਈ ਹੈ। ਹੇਠਲੇ ਪਾਣੀ ਦਾ ਪੱਧਰ ਡਿਗਣਾ ਚਿੰਤਾ ਦਾ ਵਿਸ਼ਾ ਹੈ। ਕਿਸਾਨਾਂ ਨੂੰ ਝੋਨੇ ਦਾ ਬਦਲ ਹਰ ਹਾਲਤ ਵਿਚ ਪੈਦਾ ਕਰਨਾ ਚਾਹੀਦਾ ਹੈ। ਇਸ ਮੌਕੇ ਸਾਬਕਾ ਵਿਧਾਇਕਾ ਬੀਬੀ ਕਰਨ ਕੌਰ ਬਰਾੜ ਅਤੇ ਹੋਰ ਆਗੂ ਹਾਜ਼ਰ ਸਨ।