ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਮੇਸ਼ਾ ਸਿੱਖ ਪਰੰਪਰਾਵਾਂ ਦੇ ਵਿਰੁੱਧ ਪ੍ਰਚਾਰ ਕੀਤਾ- ਦਮਦਮੀ ਟਕਸਾਲ

ਸ੍ਰੀ ਅਨੰਦਪੁਰ ਸਾਹਿਬ, 10 ਮਾਰਚ, (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)- ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ ਨੇ ਕਿਹਾ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਬੀਤੇ ਸਮਿਆਂ ਦੌਰਾਨ ਹਮੇਸ਼ਾ ਹੀ ਅਕਾਲੀ ਦਲ ਅਤੇ ਸਿੱਖ ਪਰੰਪਰਾਵਾਂ ਦੇ ਵਿਰੁੱਧ ਪ੍ਰਚਾਰ ਕੀਤਾ ਗਿਆ ਹੈ, ਜਿਸ ਨੂੰ ਦਮਦਮੀ ਟਕਸਾਲ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਇਸ ਜਥੇਦਾਰ ਨੂੰ ਬਿਲਕੁਲ ਪ੍ਰਵਾਨ ਨਹੀਂ ਕਰੇਗਾ ਅਤੇ ਸਾਰੀਆਂ ਸੰਗਤਾਂ ਉਨ੍ਹਾਂ ਦਾ ਵਿਰੋਧ ਕਰਨ ਅਤੇ ਦਮਦਮੀ ਟਕਸਾਲ ਇਨ੍ਹਾਂ ਦਾ ਸਖ਼ਤ ਸ਼ਬਦਾਂ ਨਾਲ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਕੁਰਬਾਨੀਆਂ ਅਤੇ ਸੰਘਰਸ਼ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ ਸੀ ਪ੍ਰੰਤੂ ਅਜੋਕੇ ਸਮੇਂ ਅੰਦਰ ਇਸ ਸੰਸਥਾ ਵਿਚ ਕਾਫ਼ੀ ਨਿਘਾਰ ਆ ਗਿਆ ਹੈ, ਜਿਸ ਬਾਰੇ ਸੋਚਣ ਦੀ ਲੋੜ ਹੈ ਅਤੇ ਖਾਲਸਾ ਪੰਥ ਨੂੰ ਵੀ ਸਾਵਧਾਨ ਹੋਣ ਦੀ ਲੋੜ ਹੈ। ਦੱਸਣਯੋਗ ਹੈ ਕਿ ਉਹ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਤ ਮਹਾਂਪੁਰਸ਼ਾਂ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਏ ਸੀ।