ਐਫ਼.ਬੀ.ਆਈ. ਤੇ ਯੂ.ਐਸ.ਏ. ਦੇ ਲੋੜੀਂਦਾ ਸ਼ਹਿਨਾਜ਼ ਸਿੰਘ ਨੂੰ ਪੰਜਾਬ ਪੁਲਿਸ ਨੇ ਕੀਤਾ ਗਿ੍ਫ਼ਤਾਰ

ਚੰਡੀਗੜ੍ਹ, 10 ਮਾਰਚ- ਇਕ ਵੱਡੀ ਸਫਲਤਾ ਵਿਚ ਤਰਨਤਾਰਨ ਪੁਲਿਸ ਨੇ ਸ਼ਹਿਨਾਜ਼ ਸਿੰਘ ਉਰਫ਼ ਸ਼ੌਨ ਭਿੰਡਰ ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਐਫ਼.ਬੀ.ਆਈ. ਤੇ ਯੂ.ਐਸ.ਏ. ਦੁਆਰਾ ਲੋੜੀਂਦਾ ਇਕ ਅੰਤਰਰਾਸ਼ਟਰੀ ਡਰੱਗ ਸਮਗਲਰ ਸੀ। ਇਹ ਜਾਣਕਾਰੀ ਡੀ.ਜੀ.ਪੀ. ਪੰਜਾਬ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਇਕ ਗਲੋਬਲ ਨਾਰਕੋਟਿਕਸ ਸਿੰਡੀਕੇਟ ਵਿਚ ਮੁੱਖ ਖਿਡਾਰੀ ਸੀ, ਜੋ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਵਿਚ ਕੋਕੀਨ ਦੀ ਤਸਕਰੀ ਕਰਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਕਾਰਵਾਈ 26 ਫਰਵਰੀ, 2025 ਨੂੰ ਅਮਰੀਕਾ ਵਿਚ ਉਸ ਦੇ ਚਾਰ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ। ਗ੍ਰਿਫ਼ਤਾਰੀਆਂ ਦੌਰਾਨ, ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਦੇ ਘਰਾਂ ਅਤੇ ਵਾਹਨਾਂ ਤੋਂ 391 ਕਿਲੋਗ੍ਰਾਮ ਮੇਥਾਮਫੇਟਾਮਾਈਨ, 109 ਕਿਲੋਗ੍ਰਾਮ ਕੋਕੀਨ ਅਤੇ ਚਾਰ ਹਥਿਆਰ ਜ਼ਬਤ ਕੀਤੇ। ਕਾਰਵਾਈ ਤੋਂ ਬਾਅਦ, ਸ਼ਹਿਨਾਜ਼ ਭਾਰਤ ਭੱਜ ਆਇਆ, ਜਿੱਥੇ ਪੰਜਾਬ ਪੁਲਿਸ ਨੇ ਉਸਨੂੰ ਸਫਲਤਾਪੂਰਵਕ ਟਰੈਕ ਕਰਕੇ ਗ੍ਰਿਫ਼ਤਾਰ ਕਰ ਲਿਆ।