ਕਰੋੜਾਂ ਦੀ ਹੈਰੋਇਨ ਤੇ ਹਜ਼ਾਰਾਂ ਦੀ ਡਰੱਗ ਮਨੀ ਸਮੇਤ ਔਰਤ ਸਣੇ ਤਿੰਨ ਕਾਬੂ

ਚੋਗਾਵਾਂ (ਅੰਮ੍ਰਿਤਸਰ), 7 ਮਾਰਚ (ਗੁਰਵਿੰਦਰ ਸਿੰਘ ਕਲਸੀ)- ਡੀ.ਜੀ ਪੀ ਪੰਜਾਬ ਤੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ. ਰਾਜਾਸਾਂਸੀ ਤੇ ਥਾਣਾ ਲੋਪੋਕੇ ਦੇ ਮੁਖੀ ਸਤਪਾਲ ਸਿੰਘ ਤੇ ਪੁਲਿਸ ਪਾਰਟੀ ਵਲੋਂ ਕਰੋੜਾਂ ਦੀ ਹੈਰੋਇਨ, ਡਰੱਗ ਮਨੀ ਤੇ ਮੋਟਰ ਸਾਈਕਲ ਸਮੇਤ ਤਿੰਨ ਸਮਗਲਰਾਂ ਨੂੰ ਕਾਬੂ ਕਰਨ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਜੋਗਾ ਸਿੰਘ ਤੇ ਉਸ ਦਾ ਭਰਾ ਪੰਜਾਬ ਸਿੰਘ ਕਾਫੀ ਸਮੇਂ ਤੋਂ ਵੱਡੇ ਪੱਧਰ 'ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ। ਅੱਜ ਦੋਨੋਂ ਭਰਾ ਅਤੇ ਜੋਗਾ ਸਿੰਘ ਦੀ ਪਤਨੀ ਸ਼ਰਨਜੀਤ ਕੌਰ ਨੇ ਹੈਰੋਇਨ ਦੀ ਖੇਪ ਮੰਗਵਾਈ ਹੈ, ਜੋ ਇਹ ਸਪਲਾਈ ਕਰਨ ਲਈ ਅੱਗੇ ਜਾ ਰਹੇ ਹਨ। ਥਾਣਾ ਲੋਪੋਕੇ ਦੇ ਮੁਖੀ ਸਤਪਾਲ ਸਿੰਘ ਤੇ ਪੁਲਿਸ ਪਾਰਟੀ ਨੇ ਨਾਕਾ ਲਗਾ ਕੇ ਪੰਜਾਬ ਸਿੰਘ, ਜੋਗਾ ਸਿੰਘ ਤੇ ਸ਼ਰਨਜੀਤ ਕੌਰ ਨੂੰ 2 ਕਿਲੋ 790 ਗ੍ਰਾਮ (ਪੈਕਿੰਗ ਸਮੇਤ), ਹਜ਼ਾਰਾਂ ਰੁਪਏ ਦੀ ਡਰੱਗ ਮਨੀ ਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਉਕਤ ਤਿੰਨਾਂ ਖ਼ਿਲਾਫ਼ ਐਨਡੀਪੀਐਸ ਐਕਟ ਅਧੀਨ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।