09-03-2025
ਗੋਦਾਨ
ਨਾਵਲਕਾਰ : ਮੁਨਸ਼ੀ ਪ੍ਰੇਮ ਚੰਦ
ਅਨੁਵਾਦਕ : ਡਾ. ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 400 ਰੁਪਏ, ਸਫ਼ੇ : 464
ਸੰਪਰਕ : 99588-31357
ਮੁਨਸ਼ੀ ਪ੍ਰੇਮ ਚੰਦ ਹਿੰਦੀ ਸਾਹਿਤ ਜਗਤ ਦਾ ਨਾਮੀ ਨਾਵਲਕਾਰ ਹੈ। 'ਗੋਦਾਨ' ਮੁਨਸ਼ੀ ਪ੍ਰੇਮ ਚੰਦ ਦੇ ਪ੍ਰਸਿੱਧ ਨਾਵਲਾਂ 'ਚੋਂ ਇਕ ਬਹੁਤ ਪ੍ਰਸਿੱਧ ਨਾਵਲ ਹੈ, ਜਿਸ ਦਾ ਪੂਰੇ ਪੰਜਾਬੀ ਮੁਹਾਵਰੇ ਵਾਲਾ ਅਨੁਵਾਦ ਡਾ. ਬਲਦੇਵ ਸਿੰਘ 'ਬੱਦਨ' ਨੇ ਕੀਤਾ ਹੈ। ਅਨੁਵਾਦਕ ਵਲੋਂ ਇਸ ਨਾਵਲ ਦੇ ਆਰੰਭ 'ਚ ਮੁਨਸ਼ੀ ਪ੍ਰੇਮ ਚੰਦ ਤੇ ਉਸ ਦੇ ਨਾਵਲਾਂ ਬਾਰੇ ਡਾ. ਹਰਿਭਜਨ ਸਿੰਘ, ਵੀ. ਬਾਲਿਨ (ਰੂਸੀ ਲਿਖਾਰੀ) ਤੇ ਜੰਗ ਬਹਾਦਰ ਗੋਇਲ ਦੇ ਆਰਟੀਕਲ ਸ਼ਾਮਿਲ ਕੀਤੇ ਗਏ ਹਨ। ਡਾ. ਹਰਿਭਜਨ ਸਿੰਘ ਨੇ ਆਪਣੇ ਆਰਟੀਕਲ ਮੁਨਸ਼ੀ ਪ੍ਰੇਮ ਚੰਦ ਦੀ ਗਲਪਕਾਰੀ ਦੀ ਗੱਲ ਕਰਦਿਆਂ ਲਿਖਿਆ ਹੈ ਕਿ ਸ਼ਾਇਦ ਪ੍ਰੇਮ ਚੰਦ ਦੀ ਗ਼ਰੀਬੀ ਵਿਚ ਹੀ ਉਸ ਦੀ ਵਡੱਤਣ ਦਾ ਭੇਦ ਲੁਕਿਆ ਹੋਇਆ ਸੀ। ਉਸ ਦੇ ਨਾਵਲਾਂ ਵਿਚ ਹਿੰਦੁਸਤਾਨ ਦੀ ਗ਼ਰੀਬ ਜਨਤਾ ਦੀ ਪ੍ਰਮਾਣਿਕ ਤਸਵੀਰ ਉਕਾਰੀ ਹੋਈ ਹੈ। ਦੇਸ਼ ਵਿਚ ਜ਼ਿਮੀਂਦਾਰੀ, ਵੇਸਵਾ-ਬਿਰਤੀ ਤੇ ਸੂਦਖੋਰੀ ਦੀ ਲਾਹਨਤ ਨੂੰ 1947 ਦੇ ਬਾਅਦ ਦੂਰ ਕੀਤਾ ਗਿਆ, ਪਰ ਪ੍ਰੇਮ ਚੰਦ ਦੇ ਨਾਵਲਾਂ ਨੇ ਬਹੁਤ ਚਿਰ ਪਹਿਲਾਂ ਹੀ ਇਸ ਲਈ ਫ਼ਿਜ਼ਾ ਤਿਆਰ ਕਰ ਦਿੱਤੀ ਸੀ। ਪ੍ਰੇਮ ਚੰਦ ਦੀ ਲੇਖਣੀ ਸਾਧਾਰਨ ਮਨੁੱਖ ਦੇ ਦੁੱਖ ਦਰਦ ਦੀ ਵਕਾਲਤ ਕਰਦੀ ਹੈ। ...ਪ੍ਰੇਮ ਚੰਦ ਸਦਾ ਗ਼ਰੀਬ ਰਿਹਾ ਪਰ ਲੋਕ ਉਹਨੂੰ ਦਿਲੋਂ ਪਿਆਰ ਕਰਦੇ ਸਨ। ਰੂਸੀ ਲਿਖਾਰੀ ਵੀ. ਬਾਲਿਨ ਨੇ 'ਮਹਾਨ ਲਿਖਾਰੀ ਪ੍ਰੇਮ ਚੰਦ' ਤਹਿਤ ਗੱਲ ਕਰਦਿਆਂ ਆਖਿਆ ਹੈ ਕਿ 'ਗੋਦਾਨ' ਨਾਵਲ ਦੇ ਕਿਰਦਾਰ ਦੱਸਦੇ ਹਨ ਕਿ ਇਨਸਾਨ ਹਕੀਕੀ ਖ਼ੁਸ਼ੀ ਤੇ ਖ਼ੁਸ਼ਹਾਲੀ ਹਾਸਿਲ ਨਹੀਂ ਕਰ ਸਕਦਾ ਜੇ ਉਹ ਸਿਰਫ਼ ਆਪਣੇ ਚੰਗੇ ਗੁਣਾਂ ਉੱਤੇ ਉਮੀਦ ਲਾਈ ਬੈਠਾ ਰਹੇ ਤੇ ਜਬਰ ਨੂੰ ਭਾਣਾ ਸਮਝ ਕੇ ਮੰਨ ਲਏ ਤੇ ਉਸ ਦੇ ਵਿਰੁੱਧ ਲੜੇ ਨਾ। ਨਾਵਲ ਦਾ ਮੁੱਖ ਕਿਰਦਾਰ 'ਹੋਰੀ' ਕੰਗਾਲ ਹੈ। ਉਹ ਇਸ ਉਮੀਦ ਉੱਤੇ ਬੈਠਾ ਹੈ ਕਿ ਚੰਗੇ ਦਿਨ ਆਉਣਗੇ। ਪਰ ਉਸ ਦੇ ਅਸਲੋਂ ਸਾਧਾਰਨ ਸੁਪਨੇ ਵੀ ਪੂਰੇ ਨਹੀਂ ਹੁੰਦੇ। ਉਹ ਇਮਾਨਦਾਰ ਹੈ। ਉਸ ਦੇ ਦਿਲ ਵਿਚ ਹਮਦਰਦੀ ਤੇ ਤਰਸ ਹੈ ਪਰ ਸਮਾਜੀ ਨਿਯਮ ਜਿਨ੍ਹਾਂ ਵਿਚਾਲੇ ਉਹ ਰਹਿੰਦਾ ਹੈ ਉਹ ਬੇਕਿਰਕ ਹਨ। ਹੋਰੀ ਆਪਣੀ ਹੋਣੀ ਨੂੰ ਬਦਲਣ ਦਾ ਯਤਨ ਨਹੀਂ ਕਰਦਾ ਤੇ ਲੁੱਟ ਉੱਤੇ ਕਾਇਮ ਸਮਾਜ ਦਾ ਸ਼ਿਕਾਰ ਹੋ ਜਾਂਦਾ ਹੈ। ਤੀਜਾ ਆਰਟੀਕਲ ਜੰਗ ਬਹਾਦਰ ਗੋਇਲ ਦਾ ਹੈ, ਜਿਨ੍ਹਾਂ ਅੰਗਰੇਜ਼ੀ ਦੇ ਬਹੁਤ ਸਾਰੇ ਸ਼ਾਹਕਾਰ ਨਾਵਲਾਂ ਦਾ ਪੰਜਾਬੀ ਵਿਚ ਭਾਵਪੂਰਤ ਸਾਰ ਲਿਖ ਕੇ ਪੰਜਾਬੀ ਪਾਠਕਾਂ ਕੋਲ ਪੁੱਜਦਾ ਕੀਤਾ ਹੈ। ਮੁਨਸ਼ੀ ਪ੍ਰੇਮ ਚੰਦ ਦੀ ਗੱਲ ਕਰਦਿਆਂ ਉਹ ਲਿਖਦੇ ਹਨ ਕਿ 'ਮੁਨਸ਼ੀ ਪ੍ਰੇਮ ਚੰਦ ਮੇਰੇ ਲਈ ਮੇਰੇ ਪਿਤਾ ਵਾਂਗ ਹਨ।... ਪ੍ਰੇਮ ਚੰਦ ਦੀਆਂ ਕਹਾਣੀਆਂ ਦੇ ਪਾਤਰਾਂ ਦੀ ਸਾਦਗੀ, ਗ਼ਰੀਬੀ ਤੇ ਬੇਬਸੀ ਮੈਨੂੰ ਸਾਰੀ-ਸਾਰੀ ਰਾਤ ਜਾਗਦਿਆਂ ਰੱਖਦੀ। 'ਪੂਸ ਕੀ ਰਾਤ', 'ਸਵਾ ਸੇਰ ਗੇਂਹੂ' ਅਤੇ 'ਕਜ਼ਾਕੀ' ਵਰਗੀਆਂ ਕਹਾਣੀਆਂ ਦੇ ਪਾਤਰ ਮੈਨੂੰ ਆਪਣੇ-ਆਪਣੇ ਲਗਦੇ, ਜਿਸ ਦਿਨ 'ਈਦਗਾਹ' ਕਹਾਣੀ ਪੜ੍ਹੀ ਤਾਂ ਮੈਂ ਬਹੁਤ ਰੋਇਆ। ...ਮੁਨਸ਼ੀ ਪ੍ਰੇਮ ਚੰਦ ਦਾ ਜਨਮ ਬਨਾਰਸ ਦੇ ਨੇੜੇ ਇਕ ਛੋਟੇ ਜਿਹੇ ਪਿੰਡ ਲਮਹੀ ਵਿਖੇ ਅੱਜ ਤੋਂ 126 ਵਰ੍ਹੇ ਪਹਿਲਾਂ 31 ਜੁਲਾਈ, 1880 ਈ. ਨੂੰ ਹੋਇਆ। ਮਾਂ ਬਾਪ ਨੇ ਉਨ੍ਹਾਂ ਦਾ ਨਾਂਅ ਧਨਪਤ ਰਾਏ ਰੱਖਿਆ ਸੀ ਪਰ ਉਨ੍ਹਾਂ ਦੀ ਜ਼ਿੰਦਗੀ ਵਿਚ ਧਨ ਤਾਂ ਨੇੜੇ ਤੇੜੇ ਵੀ ਨਹੀਂ ਸੀ।... ਮੁਨਸ਼ੀ ਪ੍ਰੇਮ ਚੰਦ ਰਾਸ਼ਟਰੀ ਚੇਤਨਾ ਦੇ ਲੇਖਕ ਸਨ। ...'ਗੋਦਾਨ ਬੇਲਾਹੀ ਪਿੰਡ ਦੇ ਇਕ ਛੋਟੇ ਜਿਹੇ ਕਿਸਾਨ ਹੋਰੀ ਦੀ ਦਰਦ ਭਰੀ ਕਹਾਣੀ ਹੈ ਪਰ ਇਹ ਇਕੱਲੇ ਹੋਰੀ ਦੀ ਹੀ ਕਹਾਣੀ ਨਹੀਂ, ਇਹ ਦੇਸ਼ ਦੇ ਹਰ ਛੋਟੇ ਅਤੇ ਲਿਤਾੜੇ ਹੋਏ ਕਿਸਾਨ ਦੀ ਬਦਕਿਸਮਤੀ ਦੀ ਹੰਝੂਆਂ ਭਰੀ ਦਾਸਤਾਨ ਹੈ। ...ਮਨੁੱਖੀ ਸੰਵੇਦਨਾ ਅਤੇ ਸੰਘਰਸ਼ ਦੇ ਧਰਾਤਲ 'ਤੇ 'ਗੋਦਾਨ' ਵੱਡਾ ਨਾਵਲ ਹੈ। ਇਹ ਮਹਾਨ ਨਾਵਲ ਮੁਨਸ਼ੀ ਪ੍ਰੇਮ ਚੰਦ ਦੀ ਸਮੁੱਚੀ ਰਚਨਾ ਸ਼ਕਤੀ ਦਾ ਨਿਚੋੜ ਹੈ। ਅੰਤ 'ਚ 'ਪੋਸਟ ਸਕਰਿਪਟ' ਤਹਿਤ ਜੰਗ ਬਹਾਦਰ ਗੋਇਲ ਜੀ ਲਿਖਦੇ ਹਨ ਕਿ : ''ਭਾਰਤ ਦੇ ਮਹਾਨ ਲੇਖਕ ਮੁਨਸ਼ੀ ਪ੍ਰੇਮ ਚੰਦ ਦੀ ਅੰਤਿਮ ਯਾਤਰਾ ਵੇਲੇ ਕੁੱਲ ਦਸ ਕੁ ਬੰਦੇ ਉਨ੍ਹਾਂ ਦੀ ਅਰਥੀ ਦੇ ਨਾਲ ਸਨ। ਕਿਸੇ ਰਾਹਗੀਰ ਨੇ ਜਦੋਂ ਕਿਸੇ ਦੁਕਾਨਦਾਰ ਨੂੰ ਪੁੱਛਿਆ, 'ਕੌਣ ਮਰ ਗਿਆ ਹੈ?' ਤਾਂ ਦੁਕਾਨਦਾਰ ਨੇ ਜਵਾਬ ਦਿੱਤਾ 'ਇਕ ਮਾਸਟਰ ਸੀ।'
ਪਤਾ ਨਹੀਂ ਕਦੋਂ ਅਸੀਂ ਆਪਣੇ ਮਾਸਟਰ-ਲੇਖਕਾਂ ਦਾ ਸਤਿਕਾਰ ਕਰਨਾ ਸਿੱਖਾਂਗੇ।'
ਬਹੁਤ ਸਾਰੇ ਇਨਾਮ ਯਾਫ਼ਤਾ ਲੇਖਕ ਤੇ ਅਨੁਵਾਦਕ ਡਾ. ਬਲਦੇਵ ਸਿੰਘ 'ਬੱਦਨ' ਵਲੋਂ ਕੀਤਾ ਗਿਆ ਚਰਚਾ ਅਧੀਨ ਪੁਸਤਕ 'ਗੋਦਾਨ' ਦਾ ਅਨੁਵਾਦ ਵੀ ਮੌਲਿਕ ਰਚਨਾ ਦਾ ਪ੍ਰਭਾਵ ਦਿੰਦਾ ਹੈ। ਜ਼ਰੂਰ ਪੜ੍ਹਨਾ ਚਾਹੀਦਾ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਰੂਹ ਦੀਆਂ ਤੰਦਾਂ
ਲੇਖਕ : ਦਰਸ਼ਨ ਸਿੰਘ ਬਰੇਟਾ
ਪ੍ਰਕਾਸ਼ਕ : ਕੇ. ਪਬਲੀਕੇਸ਼ਨਜ਼ ਬਰੇਟਾ
ਮੁੱਲ : 235 ਰੁਪਏ, ਸਫ਼ੇ : 96
ਸੰਪਰਕ : 94786-35500
ਸਾਹਿਤ ਦੀਆਂ ਅੱਡ-ਅੱਡ ਵਿਧਾਵਾਂ ਬਾਲ ਸਾਹਿਤ, ਕਥਨ, ਸੰਪਾਦਨ ਅਤੇ ਮਿੰਨੀ ਕਹਾਣੀ ਦੇ ਖੇਤਰ 'ਚ ਕਲਮ ਚਲਾਉਣ ਵਾਲੇ, ਮਾਂ-ਬੋਲੀ ਪੰਜਾਬੀ ਪ੍ਰਤੀ ਸਮਰਪਿਤ ਤੇ ਸਾਹਿਤ ਸਾਧਨਾ 'ਚ ਰੁੱਝੇ ਹੋਏ ਦਰਸ਼ਨ ਸਿੰਘ ਬਰੇਟਾ ਦੀ ਸਾਲ 2024 'ਚ ਪ੍ਰਕਾਸ਼ਿਤ ਹਥਲੇ ਮਿੰਨੀ ਕਹਾਣੀ-ਸੰਗ੍ਰਹਿ ਵਿਚ ਕੁੱਲ 32 ਮਿੰਨੀ ਕਹਾਣੀਆਂ ਹਨ। ਲੇਖਕ ਨੇ ਆਪਣੀ ਇਸ ਪੁਸਤਕ ਨੂੰ ਆਪਣੇ ਪਰਿਵਾਰ ਨੂੰ ਸਮਰਪਿਤ ਕੀਤਾ ਹੈ ਅਤੇ ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਅਤੇ ਜਗਦੀਸ਼ ਰਾਏ ਕੁਲਰੀਆਂ ਨੇ ਪੁਸਤਕ ਦੇ ਸੰਬੰਧ ਵਿਚ ਆਪਣੇ ਵਿਚਾਰ ਲਿਖੇ ਹਨ। ਸਮਾਜਿਕ, ਪਰਿਵਾਰਕ, ਰੋਜ਼ਮਰਾ ਅਤੇ ਹੋਰ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਲਿਖੀਆਂ ਇਹ ਮਿੰਨੀ ਕਹਾਣੀਆਂ ਆਪਣੇ-ਆਪ 'ਚ ਕੋਈ ਨਾ ਕੋਈ ਸੁਨੇਹਾ ਦਿੰਦਿਆਂ ਜਾਪਦੀਆਂ ਹਨ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਪਾਠਕਾਂ ਵਿਚ ਲੰਬੀ ਕਹਾਣੀ ਪੜ੍ਹਨ ਦੀ ਬਜਾਏ ਘੱਟ ਸਮੇਂ 'ਚ ਮਿੰਨੀ ਕਹਾਣੀ ਪੜ੍ਹਨ ਦਾ ਰੁਝਾਨ ਵੱਧ ਰਿਹਾ ਹੈ ਪਰ ਮਿੰਨੀ ਕਹਾਣੀ ਲਿਖਣ 'ਚ ਲੇਖਕ ਨੂੰ ਮੁਹਾਰਤ ਹਾਸਲ ਹੋਣੀ ਜ਼ਰੂਰੀ ਹੈ, ਲੇਖਕ ਦੀ ਮਿੰਨੀ ਕਹਾਣੀ ਲਿਖਣ ਦੀ ਸ਼ੈਲੀ ਅਤੇ ਵਿਸ਼ਿਆਂ ਨੂੰ ਚੁਣਨ ਦੀ ਕਲਾ ਉਸ ਦੀ ਪਰਪੱਕਤਾ ਨੂੰ ਦਰਸਾਉਂਦੀ ਹੈ। ਸੰਵਾਦ ਸ਼ੈਲੀ ਵਿਚ ਲਿਖੀਆਂ, ਚਲੰਤ ਮਾਮਲਿਆਂ ਦੇ ਇਰਦ -ਗਿਰਦ ਘੁੰਮਦੀਆਂ, ਦਿਲਚਸਪ ਕਹਾਣੀਆਂ ਲੇਖਕ ਦੇ ਸਾਹਿਤਿਕ ਤੇ ਕਲਾਤਮਕ ਹੁਨਰ ਨੂੰ ਬਿਆਨ ਕਰਦੀਆਂ ਹਨ। ਮਨੁੱਖੀ ਮਾਨਸਿਕਤਾ ਨੂੰ ਉਭਾਰਦੀਆਂ ਇਨ੍ਹਾਂ ਕਹਾਣੀਆਂ ਨੂੰ ਪੜ੍ਹਦੇ ਹੋਏ ਪਾਠਕਾਂ ਨੂੰ ਨਿੱਜੀ ਜੀਵਨ ਨਾਲ ਜੁੜੀਆਂ ਹੋਈਆਂ ਜਾਪਦੀਆਂ ਹਨ ਤੇ ਕਹਾਣੀਆਂ ਦੇ ਪਾਤਰ ਕਾਲਪਨਿਕ ਨਹੀਂ, ਸਗੋਂ ਸਮਾਜ ਵਿਚ ਵਿਚਰਦੇ ਜਾਪਦੇ ਹਨ। ਸਮਾਜਿਕ, ਸੱਭਿਆਚਾਰਕ, ਮਨੁੱਖੀ ਮਾਨਸਿਕਤਾ ਅਤੇ ਰਿਸ਼ਤਿਆਂ ਦੇ ਮੁੱਦਿਆਂ ਦੀਆਂ ਪੇਚੀਦਗੀਆਂ ਨੂੰ ਚੁੱਕਣ ਵਿਚ ਲੇਖਕ ਸਫ਼ਲ ਰਿਹਾ ਜਾਪਦਾ ਹੈ। ਲੇਖਕ ਦਾ ਭਾਸ਼ਾਈ ਗਿਆਨ, ਪਾਤਰਾਂ ਅਤੇ ਮੁੱਦੇ ਅਨੁਸਾਰ ਸ਼ਬਦ ਚੋਣ ਲੇਖਕ ਦੀ ਭਾਸ਼ਾ ਉੱਤੇ ਪਕੜ ਅਤੇ ਮਿੰਨੀ ਕਹਾਣੀ ਲਿਖਣ ਦੀ ਸੂਝ-ਬੂਝ ਨੂੰ ਪ੍ਰਮਾਣਿਤ ਕਰਦਾ ਹੈ। ਉਸ ਦੀਆਂ ਕਹਾਣੀਆਂ ਕਲਪਨਾ ਨਾਲ ਨਹੀਂ, ਸਗੋਂ ਯਥਾਰਥ ਨਾਲ ਜੁੜੀਆਂ ਹੋਈਆਂ ਅਨੁਭਵ ਹੁੰਦੀਆਂ ਹਨ। ਕਹਾਣੀ ਦੇ ਪਾਤਰ ਅਤੀਤ ਦੀ ਨਹੀਂ, ਸਗੋਂ ਵਰਤਮਾਨ ਦੀ ਪੇਸ਼ਗੋਈ ਕਰਦੇ ਹਨ। ਦਾਦੀ-ਪੋਤੀ ਦੇ ਸੰਵਾਦਾਂ ਵਿਚ ਲਿਖੀ ਕਹਾਣੀ 'ਬਸ ਹੁਣ ਨਹੀਂ' 1947 ਦੇ ਦੰਗਿਆਂ ਨਾਲ ਜੁੜੀ ਹੋਈ ਹੈ । ਕਹਾਣੀ 'ਰੂਹ ਦੀਆਂ ਤੰਦਾਂ' ਰੁੱਖਾਂ ਪ੍ਰਤੀ ਸਮਰਪਣ ਦੀ ਹਾਮੀ ਭਰਦੀ ਹੈ। ਕਹਾਣੀਆਂ 'ਚ ਪਲਾਂਟੇਸ਼ਨ, ਗੈਪ, ਪਲੀਜ, ਓ.ਕੇ, ਸੇਫ ਅੰਗੇਰਜ਼ੀ ਭਾਸ਼ਾ ਅਤੇ ਬਲਕਿ, ਨਿਰੁੱਤਰ ਅਤੇ ਮੁਸਕਰਾਹਟ ਹਿੰਦੀ ਭਾਸ਼ਾ ਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਪੜ੍ਹਤ ਅਤੇ ਪ੍ਰਤਿਕਿਰਿਆ
ਲੇਖਕ : ਡਾ. ਸੁਖਵਿੰਦਰ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ, ਜਲੰਧਰ
ਮੁੱਲ : 340 ਰੁਪਏ, ਸਫ਼ੇ : 195
ਸੰਪਰਕ : 98729-91780
19 ਖੋਜ ਲੇਖਾਂ 'ਤੇ ਆਧਾਰਿਤ ਪੁਸਤਕ ਪੜ੍ਹਤ ਅਤੇ ਪ੍ਰਤੀਕਿਰਿਆ ਡਾ. ਸੁਖਵਿੰਦਰ ਸਿੰਘ ਦੀ ਅੱਠਵੀਂ ਖੋਜ ਪੁਸਤਕ ਹੈ। ਇਸ ਪੁਸਤਕ ਵਿਚ ਗੁਰਬਾਣੀ ਸਾਹਿਤ ਨਾਲ ਸੰਬੰਧਿਤ ਚਾਰ ਪਾਠ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਵਿਚ ਸਭ ਤੋਂ ਪਹਿਲਾਂ ਅਧਿਆਤਮਕ ਵਾਰਾਂ ਵਿਚ ਨਾਇਕ ਅਤੇ ਖਲਨਾਇਕ ਪਾਤਰਾਂ ਦੇ ਸੰਕਲਪ ਬਾਰੇ ਗੱਲ ਕੀਤੀ ਗਈ ਹੈ। ਇਹ ਪਾਤਰ ਲੋਕ ਵਾਰਾਂ ਦੇ ਪਾਤਰਾਂ ਤੋਂ ਪ੍ਰਭਾਵਿਤ ਹੀ ਸਿੱਧ ਕੀਤੇ ਗਏ ਹਨ। ਦੂਸਰਾ ਪਾਠ ਗੁਰ ੂਗ੍ਰੰਥ ਸਾਹਿਬ ਦੀਆਂ ਵਾਰਾਂ ਵਿਚ ਰਾਗਾਂ ਤੇ ਸਲੋਕਾਂ ਦੀ ਭੂਮਿਕਾ ਬਾਰੇ ਹੈ ਜਿਸ ਵਿਚ ਲੇਖਕ ਨੇ ਹਰ ਇਕ ਵਾਰ ਦੀ ਸ਼ੁਰੂਆਤ ਵਿਚ ਦਿੱਤੇ ਸ਼ਲੋਕਾਂ ਅਤੇ ਧੁਨੀਆਂ ਦੀ ਗੱਲ ਕੀਤੀ ਹੈ ਜਿਨ੍ਹਾਂ 'ਤੇ ਉਹ ਗਾਈਆਂ ਜਾਂਦੀਆਂ ਹਨ। ਚੌਥਾ ਪਾਠ ਅਨੰਦ ਸਾਹਿਬ ਵਿਚ ਅਨੰਦ ਸਿਧਾਂਤ ਹੈ ਜਿਸ ਵਿਚ ਅਨੰਦ ਸਾਹਿਬ ਨੂੰ ਵਿਸ਼ਵ ਕਲਿਆਣੀ ਬਾਣੀ ਦੇ ਰੂਪ ਵਿਚ ਸਥਾਪਿਤ ਕੀਤਾ ਗਿਆ ਹੈ। ਅਗਲੇ ਲੇਖਾਂ ਵਿਚੋਂ ਤਿੰਨ ਵਿਅਕਤੀਆਂ ਦੀ ਸਾਹਿਤ ਕਲਾ ਜਾਂ ਆਲੋਚਨਾ ਕਲਾ ਬਾਰੇ ਹਨ। ਇਕ ਲੇਖ ਵਿਚ ਬਾਵਾ ਬਲਵੰਤ ਦੀਆਂ ਗੱਦ ਰਚਨਾਵਾਂ ਨੂੰ ਵਿਸ਼ਾ ਬਣਾਇਆ ਗਿਆ ਹੈ, ਇਕ ਲੇਖ ਡਾ. ਸਰਵਨ ਸਿੰਘ ਪਰਦੇਸੀ ਦੀ ਆਲੋਚਨਾ ਦ੍ਰਿਸ਼ਟੀ ਬਾਰੇ ਅਤੇ ਇਕ ਲੇਖ ਸੁਰਿੰਦਰ ਕਾਹਲੋਂ ਦੀ ਕਵਿਤਾ ਬਾਰੇ ਲਿਖਿਆ ਗਿਆ ਹੈ ਅਤੇ ਇਨ੍ਹਾਂ ਸਾਹਿਤਕਾਰਾਂ ਦੇ ਸਿਰਜਣ ਖੇਤਰ ਅਤੇ ਅਨੁਭਵਾਂ ਦੀ ਗੱਲ ਕੀਤੀ ਗਈ ਹੈ। ਕਾਵਿ-ਸੰਗ੍ਰਹਿ ਬਾਰੇ ਸ਼ਾਮਿਲ ਲੇਖਾਂ ਦੀ ਗੱਲ ਕੀਤੀ ਜਾਵੇ ਤਾਂ ਇਕ ਲੇਖ ਸ਼ਬਦ ਸ਼ਬਦ ਜ਼ਿੰਦਗੀ (ਦਵਿੰਦਰ ਸਿੰਘ ਵਿਸ਼ਵ ਨਾਗਰਿਕ) ਕਾਵਿ-ਸੰਗ੍ਰਹਿ ਬਾਰੇ ਹੈ ਜਿਸ ਵਿਚ ਲੇਖਕ ਡਾ. ਸੁਖਵਿੰਦਰ ਸਿੰਘ ਨੂੰ ਇਕ ਪ੍ਰਗਤੀਵਾਦੀ ਕਵੀ ਵਜੋਂ ਸਥਾਪਿਤ ਕਰਦਾ ਹੈ। ਇਸ ਪੁਸਤਕ ਵਿਚ ਦੋਵਾਂ ਨਾਵਲਾਂ ਬਾਰੇ ਵੀ ਖੋਜ ਲੇਖ ਮਿਲਦੇ ਹਨ ਜਿਨ੍ਹਾਂ ਵਿਚੋਂ ਪਹਿਲਾ ਨਾਵਲ 'ਚਾਹਤ' (ਰਛਪਾਲ ਸਿੰਘ ਬਾਲੀ) ਹੈ ਅਤੇ ਦੂਸਰਾ ਨਾਵਲ 'ਮਾਂ' (ਜੋਗਿੰਦਰ ਸਿੰਘ ਪਾਂਧੀ) ਹੈ। ਕਹਾਣੀ-ਸੰਗ੍ਰਹਿ ਦੀ ਗੱਲ ਕੀਤੀ ਜਾਵੇ ਤਾਂ ਮੌਤ ਦੇ ਪਰਛਾਵੇਂ (ਮੁਹਿੰਦਰ ਸਿੰਘ ਰਿਖੀ), ਸਾਂਝੇ ਅੱਥਰੂ ਕਹਾਣੀ ਸੰਗ੍ਰਹਿ (ਕਰਨ ਸਿੰਘ ਤਾਲਿਬ) ਦੇ ਨਾਲ 31 ਮਾਰਚ (ਡਾ. ਕਰਮਜੀਤ ਸਿੰਘ ਨਡਾਲਾ) ਮਿੰਨੀ ਕਹਾਣੀ-ਸੰਗ੍ਰਹਿ ਬਾਰੇ ਲਿਖੇ ਲੇਖ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਲੇਖ ਸਵੈਜੀਵਨੀ ਯਾਦਾਂ ਤੇ ਸਾਂਝਾਂ (ਪ੍ਰੋ. ਸੇਵਾ ਸਿੰਘ) ਬਾਰੇ ਹੈ ਅਤੇ ਇਕ ਲੇਖ ਸਭੇ ਗੱਲਾਂ ਖੋਟੀਆਂ (ਡਾ. ਮੋਨੋਜੀਤ) ਦੀ ਵਿਅੰਗਾਂ ਬਾਰੇ ਪੁਸਤਕ ਹੈ। ਇਸ ਤਰ੍ਹਾਂ ਇਹ ਪੁਸਤਕ ਵਿਚ ਇਕ ਵੱਡੇ ਕੈਨਵਸ 'ਤੇ ਲਿਖੇ ਲੇਖਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਪਾਠਕਾਂ ਅਤੇ ਆਲੋਚਕਾਂ ਲਈ ਲਾਭਕਾਰੀ ਹੋਵੇਗੀ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਦਿੱਲੀ ਰੋਡ 'ਤੇ ਇਕ ਹਾਦਸਾ
ਲੇਖਕ : ਪਾਲੀ ਭੁਪਿੰਦਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : 98152-98459
ਪਾਲੀ ਭੁਪਿੰਦਰ ਸਿੰਘ ਪੰਜਾਬੀ ਦਾ ਸਮਰੱਥਾਵਾਨ ਨਾਟਕਕਾਰ ਅਤੇ ਨਿਰਦੇਸ਼ਕ ਹੈ ਜਿਸ ਦੇ ਲਿਖੇ ਅਤੇ ਨਿਰਦੇਸ਼ਿਤ ਕੀਤੇ ਨਾਟਕ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਦਿਲੋ-ਦਿਮਾਗ਼ 'ਤੇ ਛਾਏ ਹੋਏ ਹਨ ਅਤੇ ਅੱਜ ਵੀ ਉਸ ਦੇ ਨਾਟਕਾਂ ਦਾ ਦਰਸ਼ਕਾਂ ਨੂੰ ਇੰਤਜ਼ਾਰ ਰਹਿੰਦਾ ਹੈ। ਪਾਲੀ ਭੁਪਿੰਦਰ ਸਿੰਘ ਦੀ ਵਿਚਾਰ ਅਧੀਨ ਪੁਸਤਕ 'ਦਿੱਲੀ ਰੋਡ 'ਤੇ ਇਕ ਹਾਦਸਾ' ਨਾਟ ਪੁਸਤਕ ਹੈ ਜਿਸ ਵਿਚ ਇਸੇ ਨਾਂਅ ਦਾ ਵੱਡਾ ਨਾਟਕ ਹੈ ਜੋ ਰਾਜਨੀਤੀ ਅਤੇ ਰਿਸ਼ਤਿਆਂ ਦੀ ਤਸਵੀਰ ਪੇਸ਼ ਕਰਦਾ ਹੈ। ਇਹ ਨਾਟਕ ਰਾਜਨੀਤੀ ਵਿਚ ਹੁੰਦੇ ਹਾਦਸਿਆਂ ਅਤੇ ਹੋਰ ਦਿਸਦੀਆਂ, ਅਣ-ਦਿਸਦੀਆਂ ਘਟਨਾਵਾਂ ਦੇ ਰੰਗਾਂ ਨੂੰ ਉਜਾਗਰ ਕਰਦਾ ਹੈ। ਕਿਸੇ ਲਈ ਉਹ ਰੰਗ ਸ਼ੋਖ ਅਤੇ ਉਤਸ਼ਾਹ ਵਾਲੇ ਹਨ ਅਤੇ ਕਿਸੇ ਲਈ ਉਦਾਸੀ ਅਤੇ ਬਰਬਾਦੀ ਵਾਲੇ। ਪਾਲੀ ਭੁਪਿੰਦਰ ਦੇ ਨਾਟਕਾਂ ਵਿਚ ਪਾਠਕਾਂ/ਦਰਸ਼ਕਾਂ ਨੂੰ ਚੌਕੰਨੇ ਕਰ ਦੇਣ ਦੀ ਸਮਰੱਥਾ ਇਸ ਕਰਕੇ ਹੁੰਦੀ ਹੈ ਕਿ ਪਾਲੀ ਸਨਸਨੀ, ਉਤਸੁਕਤਾ ਅਤੇ ਫੁਰਤੀਲੀ ਵਾਰਤਾਲਾਪ ਵਰਗੇ ਗੁਣਾਂ ਨਾਲ ਪੜ੍ਹਨ-ਲਿਖਣ ਵਾਲਿਆਂ ਦੇ ਧੁਰ ਅੰਦਰ ਤੱਕ ਜਾ ਵੜਦਾ ਹੈ ਅਤੇ ਫਿਰ ਉਨ੍ਹਾਂ ਨੂੰ ਨਾਲ ਤੋਰਦਾ ਹੈ। ਇਹ ਨਾਟਕ 'ਦਿੱਲੀ ਰੋਡ 'ਤੇ ਇਕ ਹਾਦਸਾ' ਵੀ ਪਾਲੀ ਦੇ ਪ੍ਰਭਾਵਸ਼ਾਲੀ ਨਾਟਕਾਂ ਵਿਚੋਂ ਇਕ ਹੈ। ਰਾਜਨੀਤੀ ਅਤੇ ਰਿਸ਼ਤਿਆਂ ਦੀ ਭੀੜ ਵਿਚ ਸੱਚਮੁੱਚ ਕਈ ਵਾਰ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹਨ, ਜਿਸ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲਾ ਚਲਾਨ ਕਟਾਅ ਬੈਠਦਾ ਹੈ ਅਤੇ ਸ਼ਿਕਾਰ ਵੀ ਹੋ ਸਕਦਾ ਹੈ। ਕਿਸੇ ਸਮੇਂ ਮੁੱਖ ਮੰਤਰੀ ਰਹੇ ਰਾਜਾ ਜੀ ਦੇ ਪਰਿਵਾਰ ਦਾ ਨਾਟਕ ਹੈ ਇਹ ਪਰ ਰਾਜਾ ਸਾਹਿਬ ਆਪ ਨਹੀਂ ਹਨ। ਰਾਜਾ ਜੀ ਤੋਂ ਬਾਅਦ ਮਹਾਰਾਣੀ ਖੁਦ-ਮੁਖਤਿਆਰ ਹੈ, ਉਸ ਦਾ ਰੋਹਬ- ਦਾਬ ਹੈ, ਹੈਂਕੜ ਹੈ ਅਤੇ ਹੰਕਾਰ ਵੀ। ਉਹ ਪਰਿਵਾਰ ਦੀ ਰਾਜਨੀਤਕ ਪੈਂਠ ਨੂੰ ਸਿਰਫ ਬਰਕਰਾਰ ਹੀ ਨਹੀਂ ਰੱਖਣਾ ਚਾਹੁੰਦੀ ਸਗੋਂ ਰਾਜਨੀਤੀ ਵਾਲੇ ਬੁਰਜ ਦੇ ਸਿਖ਼ਰ 'ਤੇ ਦੇਖਣਾ ਵੀ ਲੋਚਦੀ ਹੈ, ਇਸ ਲਈ ਪੈਂਤੜੇ ਖੇਡਦੀ ਹੈ। ਰਾਜਨੀਤੀ ਤੋਂ ਅਣਭਿੱਜ ਘਰ ਦੀ ਵੱਡੀ ਨੂੰਹ ਸੀਮਾ ਫੁੱਲਾਂ ਦੀ ਮਹਿਕ ਦਾ ਅਨੰਦ ਲੈਣ ਵਿਚ ਵਿਸ਼ਵਾਸ ਰੱਖਦੀ ਹੈ ਉਸ ਨੂੰ ਕਿਤਾਬਾਂ ਵਿਚ ਫੁੱਲ ਰੱਖਣ ਦੇ ਅਰਥ ਵੀ ਪਤਾ ਅਤੇ ਢੰਗ ਵੀ ਇਸੇ ਕਰਕੇ ਮਹਿਲਾਂ ਵਿਚ ਰਹਿੰਦੇ ਹੋਏ ਵੀ ਉਸ ਨੂੰ ਝੁੱਗੀਆਂ ਝੌਂਪੜੀਆਂ ਵਾਲੀ ਬਸਤੀ ਦੇ ਹਨੇਰ ਦੇ ਦਰਦ ਦਾ ਅਹਿਸਾਸ ਹੈ। ਸੀਮਾ ਉਸ ਬਸਤੀ ਵਿਚ ਸਕੂਲ ਖੋਲ੍ਹਣ ਦਾ ਅਹਿਦ ਲੈਂਦੀ ਹੈ, ਜਿਥੇ ਮਹਾਰਾਣੀ ਦਾ ਛੋਟਾ ਮੁੰਡਾ ਵਿਕਰਮ ਕੰਪਲੈਕਸ ਬਣਾਉਣਾ ਲੋਚਦਾ ਹੈ, ਬਸ ਇਥੇ ਈ ਟ੍ਰੈਫਿਕ ਜਾਮ ਹੋ ਜਾਂਦਾ, ਟੀਂਅ ਟੀਂਅ ਪਾਂਅ ਪਾਂਅ ਹੁੰਦੀ ਆ। ਸੀਮਾ ਸਹੀ ਦਿਸ਼ਾ ਵੱਲ ਜਾਂਦੀ ਹੈ ਅਤੇ ਮਹਾਰਾਣੀ ਦੀ ਗ਼ਲਤ ਸਾਈਡ ਤੋਂ ਆ ਰਹੀ ਹੈਂਕੜ ਅਤੇ ਪੈਂਤੜੇਬਾਜ਼ ਫੁੱਲ ਸਪੀਡ ਸੋਚ ਰੂਪੀ ਗੱਡੀ ਦਾ ਸ਼ਿਕਾਰ ਹੋ ਜਾਂਦੀ ਹੈ। ਸ਼ਾਇਦ ਉਸੇ ਤਰ੍ਹਾਂ ਜਿਸ ਤਰ੍ਹਾਂ ਰਾਜਨੀਤੀ ਨੂੰ ਸੇਵਾ ਸਮਝਣ ਵਾਲੇ ਰਾਜਾ ਜੀ ਸ਼ਿਕਾਰ ਹੋਏ ਸਨ। ਇਸ ਭੀੜ ਵਿਚ ਵਾਪਰਦਾ ਤਾਂ ਹੋਰ ਵੀ ਬਹੁਤ ਕੁਝ ਹੈ, ਜਿਸ ਲਈ ਤੁਹਾਨੂੰ ਨਾਟਕ ਵੇਖਣਾ ਪਵੇਗਾ। ਵੈਸੇ ਨਾਟਕ ਦੀ ਸਕਰਿਪਟ ਪੜ੍ਹਦਿਆਂ ਸੀਨ ਪਾਠਕਾਂ ਦੇ ਸਨਮੁਖ ਵਾਪਰਦੇ ਲਗਦੇ ਹਨ ਕਿਉਂਕਿ ਰੰਗਮੰਚ ਪੱਖੋਂ ਨਾਟਕ ਸੰਪੂਰਨ ਹੈ।
-ਨਿਰਮਲ ਜੌੜਾ
ਮੋਬਾਈਲ : 98140-78799
ਖਿੱਦੂ
ਲੇਖਕ : ਮੀਰ ਤਨਹਾ ਯੂਸਫ਼ੀ
ਅਨੁ: ਹਰਬੰਸ ਸਿੰਘ ਧੀਮਾਨ (ਡਾ.)
ਪ੍ਰਕਾਸ਼ਕ :ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 98152-18545
ਮੀਰ ਤਨਹਾ ਯੂਸਫ਼ੀ ਲਹਿੰਦੇ ਪੰਜਾਬ ਦਾ ਪ੍ਰਮੁੱਖ ਅਤੇ ਵੱਖਰੇ ਅੰਦਾਜ਼ ਵਾਲਾ ਗਲਪਕਾਰ ਹੈ, ਜਿਸ ਨੇ 'ਤ੍ਰੇਹ', 'ਇਕ ਸਮੁੰਦਰ ਪਾਰ', 'ਤਾਂ ਫੇਰ', 'ਕਾਲਾ ਚਾਨਣ' ਅਤੇ 'ਅੰਨ੍ਹਾ ਖੂਹ' ਜਿਹੇ ਨਾਵਲ ਲਿਖ ਕੇ ਦੋਵੇਂ ਪੰਜਾਬਾਂ ਦੇ ਪਾਠਕਾਂ ਅਤੇ ਆਲੋਚਕਾਂ ਤਾਈਂ ਚੰਗੀ ਰਸਾਈ ਕੀਤੀ ਹੈ। 'ਖਿੱਦੂ' ਉਸ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਨਾਵਲ ਹੈ।
ਯੂਸਫ਼ੀ ਆਪਣੇ ਨਾਵਲਾਂ ਵਿਚ ਤਾਰੀਖ ਅਤੇ ਜੁਗਰਾਫ਼ੀਏ ਨੂੰ ਆਪਣੇ ਬਿਰਤਾਂਤ ਦਾ ਜ਼ਰੀਆ ਬਣਾ ਕੇ ਪ੍ਰਬੁੱਧ ਗਲਪਕਾਰ ਹੋਣ ਦਾ ਸਬੂਤ ਦਿੰਦਾ ਹੈ। ਇਸ ਤਰ੍ਹਾਂ ਕਰਨ ਨਾਲ ਉਸ ਦਾ ਬਿਰਤਾਂਤ ਗੂੜ੍ਹਾ ਅਤੇ ਪ੍ਰਬੋਧ ਤੇ ਕਈ ਵਾਰੀ ਦੁਰਬੋਧ ਵੀ ਹੋ ਜਾਂਦਾ ਹੈ। 'ਖਿੱਦੂ' ਦਾ ਸ਼ਬਦੀ ਅਰਥ ਜ਼ਮੀਨ ਹੁੰਦਾ ਹੈ। ਇਸ ਨਾਵਲ ਦੀ ਸੂਤਰਧਾਰ ਆਈ ਗੁਲ ਹੈ ਜੋ ਤਿੰਨ ਚਾਰ ਪ੍ਰਮੁੱਖ ਪਾਤਰਾਂ ਰਾਹੀਂ ਆਪਣੀ ਕਹਾਣੀ ਅਗਾਂਹ ਵਧਾਉਂਦੀ ਹੈ। ਉਸ ਦਾ ਪਹਿਲਾ ਪਾਤਰ ਉਸ ਦੀ ਨਾਨੀ ਹੈ, ਜੋ ਮਾਸਕੋ ਦੀ ਕੇ.ਜੀ.ਬੀ. ਵਿਚ ਨੌਕਰ ਹੈ ਤੇ ਦੁਨੀਆ ਭਰ ਦੇ ਮੁਲਕਾਂ, ਉਨ੍ਹਾਂ ਦੇ ਵਰਤਾਰਿਆਂ, ਖਾਣ-ਪੀਣ, ਸੋਚਣ ਦੇ ਢੰਗ ਬਾਰੇ ਬਿਹਤਰ ਜਾਣਕਾਰੀ ਰੱਖਦੀ ਹੈ। ਨਾਨੀ ਦਾ ਕਥਨ ਹੈ ਕਿ ਹਿਟਲਰ, ਚੰਗੇਜ਼ ਖਾਂ, ਹਲਾਦੂ, ਤੈਮੂਰ, ਸਿਕੰਦਰ ਜਿਹੇ ਹਮਲਾਵਰਾਂ ਨੇ ਆਪਣੀ ਈਗੋ ਪੁਗਾਉਣ ਲਈ ਹਜ਼ਾਰਾਂ, ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਉਨ੍ਹਾਂ ਦੀ ਸੋਚ ਸੀ ਕਿ ਉਨ੍ਹਾਂ ਜਿਹਾ ਦੁਨੀਆ ਵਿਚ ਹੋਰ ਕੋਈ ਨਹੀਂ। ਉਹ ਜਿਵੇਂ ਸੋਚਦੇ ਹਨ, ਦੁਨੀਆ ਦੇ ਹੋਰ ਬਾਸ਼ਿੰਦੇ ਵੀ ਉਸੇ ਤਰ੍ਹਾਂ ਸੋਚਣ। ਉਸ ਦਾ ਨਾਨਾ ਸਟਾਲਿਨ ਵੀ ਮਾਸਕੋ ਫੌਜ 'ਚ ਨੌਕਰ ਸੀ, ਜਿਸ ਦਾ ਉਹ ਪੂਰੀ ਤਰ੍ਹਾਂ ਤਰਫ਼ਦਾਰ ਸੀ। ਆਪਣੀ ਬਹਾਦਰੀ ਕਾਰਨ ਉਸੇ ਫ਼ੌਜ 'ਚ ਅਨੇਕਾਂ ਤਗਮੇ ਜਿੱਤੇ ਸਨ, ਅਨੇਕਾਂ ਸਨਮਾਨ ਪ੍ਰਾਪਤ ਕੀਤੇ ਸਨ।
ਅਸਲਮ ਉਸ ਦਾ ਪ੍ਰੇਮੀ ਹੈ ਜੋ ਪਾਕਿਸਤਾਨ ਤੋਂ ਤਾਸ਼ਕੰਦ ਪੜ੍ਹਾਈ ਕਰਨ ਆਇਆ ਹੈ। ਦੋਵੇਂ ਇਕ ਦੂਸਰੇ ਨੂੰ ਪ੍ਰੇਮ ਕਰਦੇ ਹਨ ਤੇ ਅਨੇਕਾਂ ਵਿਸ਼ਿਆਂ 'ਤੇ ਬਹਿਸ ਵਿਚਾਰ-ਵਟਾਂਦਰਾ ਵੀ ਕਰਦੇ ਦਿਖਾਈ ਦਿੰਦੇ ਹਨ। ਅਹਿਮਦ ਉਸ ਦੀ ਮਾਂ ਦਾ ਪ੍ਰੇਮੀ ਸੀ ਜੋ ਪਾਕਿਸਤਾਨ ਜਾ ਕੇ ਵਾਪਿਸ ਨਹੀਂ ਪਰਤਿਆ। ਆਈ ਗੁਲ ਦੇ ਦਾਦਕੇ ਪਿੱਛੋਂ ਪਾਕਿਸਤਾਨ ਦੇ ਹੀ ਹਨ ਜੋ ਆਪਣੀ ਬਹਾਦਰੀ ਕਾਰਨ ਜਾਣੇ ਜਾਂਦੇ ਸਨ। ਅਸਲਮ ਵੀ ਮਜਬੂਰੀਆਂ ਕਾਰਨ ਪਾਕਿਸਤਾਨ ਗਿਆ ਵਾਪਿਸ ਨਹੀਂ ਪਰਤਦਾ। ਨਾਵਲਕਾਰ ਇਹ ਸਿੱਟਾ ਕੱਢਦਾ ਹੈ ਕਿ ਮੁਲਕ, ਉਨ੍ਹਾਂ ਦੀਆਂ ਸਰਹੱਦਾਂ ਅਤੇ ਜ਼ਮੀਨੀ ਰਹਿਤਲ ਦੇ ਖ਼ਾਸੇ ਬਦਲਦੇ ਰਹਿੰਦੇ ਹਨ। ਦੁਨੀਆ ਦੇ ਖੂਨ ਖਰਾਬੇ ਦਾ ਕਾਰਨ ਕੁਝ ਲੋਕਾਂ ਦੀ ਈਗੋ ਹੈ ਜਿਸ ਕਾਰਨ ਉਹ ਖ਼ੁਦ ਨੂੰ ਸਭ ਤੋਂ ਉੱਪਰ ਸਮਝਦੇ ਹਨ। ਇਹ ਨਾਵਲ ਆਮ ਨਾਵਲ ਪੜ੍ਹਨ ਦੇ ਗੇਦੀ ਪਾਠਕਾਂ ਵਾਸਤੇ ਨਹੀਂ, ਸਗੋਂ ਵੱਖਰੇ ਪਾਠਕਾਂ ਦੀ ਤਲਾਸ਼ ਤੇ ਮੰਗ ਕਰਦਾ ਹੈ।
-ਕੇ. ਐੱਲ. ਗਰਗ
ਮੋਬਾਈਲ : 94635-37050
ਨਾਗਾਲੈਂਡ
ਪੂਰਬ ਦਾ ਸਵਿਟਜ਼ਰਲੈਂਡ
ਲੇਖਕ : ਗੁਰਪ੍ਰੇਮ ਲਹਿਰੀ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 250 ਰੁਪਏ, ਸਫ਼ੇ : 168
ਸੰਪਰਕ : 98886-48111
ਮਨੁੱਖ ਦੀ ਹਮੇਸ਼ਾ ਹੀ ਇੱਛਾ ਰਹਿੰਦੀ ਹੈ ਕਿ ਉਹ ਉਨ੍ਹਾਂ ਧਰਤੀਆਂ ਦੇ ਦਰਸ਼ਨ ਕਰਨ ਦੀ ਤਾਂਘ ਹਮੇਸ਼ਾ ਆਪਣੇ ਮਨ ਪਾਲਦਾ ਹੈ, ਜਿਨ੍ਹਾਂ ਬਾਰੇ ਉਸ ਨੇ ਕੇਵਲ ਪੜ੍ਹਿਆ ਜਾਂ ਸੁਣਿਆ ਹੁੰਦਾ ਹੈ। ਉਸ ਦੀ ਇਹ ਰੀਝ ਹੁੰਦੀ ਹੈ ਕਿ ਕਿਸੇ ਪਰਾਈ ਧਰਤੀ ਦੇ ਲੋਕਾਂ ਦੇ ਜਨ-ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਪ੍ਰਾਪਤ ਸਮਾਚਾਰਾਂ ਨੂੰ ਦੂਜਿਆਂ ਨਾਲ ਸਾਂਝਾ ਕਰਕੇ ਜਿਥੇ ਉਨ੍ਹਾਂ ਦੀ ਜਾਣਕਾਰੀ ਵਿਚ ਵਾਧਾ ਕਰੇ, ਉਥੇ ਮਾਨਸਿਕ ਖ਼ੁਸ਼ੀ ਵੀ ਪ੍ਰਾਪਤ ਕਰੇ। ਗੁਰਪ੍ਰੇਮ ਲਹਿਰੀ ਦੀ ਪੁਸਤਕ 'ਨਾਗਾਲੈਂਡ ਪੂਰਬ ਦਾ ਸਵਿਟਜ਼ਰਲੈਂਡ' ਇਕ ਅਜਿਹਾ ਹੀ ਸਫ਼ਰਨਾਮਾ ਹੈ ਜਿਸ ਨੂੰ ਉਸ ਨੇ 'ਬੁਲਟਨਾਮਾ' ਦਾ ਨਾਂਅ ਦਿੱਤਾ ਹੈ। ਬੁਲਟਨਾਮਾ ਇਸ ਕਰਕੇ ਕਿਉਂਕਿ ਭਾਵੇਂ ਪੰਜਾਬ ਤੋਂ ਲੇਖਕ ਨੇ ਇਹ ਸਫ਼ਰ ਟ੍ਰੇਨ ਰਾਹੀਂ ਤਹਿ ਕੀਤਾ ਪਰ ਨਾਗਾਲੈਂਡ ਦੀ ਧਰਤੀ ਨੂੰ ਉਸ ਨੇ ਬੁਲਟ ਮੋਟਰਸਾਈਕਲ 'ਤੇ ਹੀ ਗਾਹਿਆ। ਇਸ ਸਫ਼ਰ ਵਿਚ ਉਸ ਦੇ ਸਾਥੀਆਂ ਵਿਚ ਜਸਵਿੰਦਰ ਬਰਾੜ, ਜਸਪਾਲ ਸੰਧੂ, ਭੁਪਿੰਦਰ ਮਾਨ (ਜੋ ਹਵਾਈ ਸਫ਼ਰ ਰਾਹੀਂ ਉਥੇ ਜਾ ਕੇ ਮਿਲਦਾ ਹੈ), ਜਸਵੰਤ ਕੌਸ਼ਿਕ, ਨਰੇਸ਼ ਪਠਾਣੀਆਂ ਅਤੇ ਸੁਖਦੀਪ ਦੇ ਨਾਂਅ ਸ਼ਾਮਿਲ ਸਨ। ਲੇਖਕ ਨੇ ਇਸ ਸਫ਼ਰਨਾਮੇ ਵਿਚ 'ਨਾਗਾਲੈਂਡ' ਦੀ ਧਰਤੀ ਬਾਰੇ ਬੜੀ ਨਰੋਈ ਅਤੇ ਬਰੀਕ ਜਾਣਕਾਰੀ ਪ੍ਰਸਤੁਤ ਕੀਤੀ ਹੈ ਜੋ ਪਾਠਕ ਦੇ ਮਨ ਵਿਚ ਨਾਗਾਲੈਂਡ ਬਾਰੇ ਬਣੀਆਂ ਕਈ ਸਾਰੀਆਂ ਮਿੱਥਾਂ ਨੂੰ ਤੋੜਦੀ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਲੇਖਕ ਨੇ ਨਾਗਾਲੈਂਡ ਬਾਰੇ ਇਤਿਹਾਸਕ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਭਾਰਤ ਦਾ ਸਭ ਤੋਂ ਪੁਰਾਣਾ ਵਿਦਰੋਹ ਵੀ ਨਾਗਾਲੈਂਡ ਵਿਚ ਹੀ ਹੋਇਆ ਸੀ। ਨਾਗਾਲੈਂਡ ਨੂੰ ਵੱਖਰਾ ਸੂਬਾ ਤਾਂ ਬਣਾ ਦਿੱਤਾ ਗਿਆ ਪਰ ਉਥੋਂ ਦੇ ਲੋਕ ਵੱਖਰੇ ਦੇਸ਼ ਦੀ ਮੰਗ 'ਤੇ ਅੜੇ ਰਹੇ ਹਨ। 1963 ਵਿਚ ਨਾਗਾ ਹਿੱਲਜ਼ ਨੂੰ ਭਾਰਤ ਦੇ 16ਵੇਂ ਰਾਜ ਦਾ ਦਰਜਾ ਦਿੱਤਾ ਗਿਆ। ਪਹਿਲਾਂ ਇਹ ਆਸਾਮ ਸੂਬੇ ਦਾ ਹੀ ਹਿੱਸਾ ਸੀ। ਲੇਖਕ ਦੇ ਮਨ ਵਿਚ ਨਾਗਾਲੈਂਡ ਦੇ ਹੋਰਨਬਿਲ ਫੈਸਟੀਵਲ ਨੂੰ ਵੀ ਦੇਖਣ ਦੀ ਰੀਝ ਸੀ, ਜਿਸ ਬਾਰੇ ਉਸ ਨੇ ਇੰਟਰਨੈੱਟ ਤੋਂ ਪੜ੍ਹਿਆ ਸੀ। ਲੇਖਕ ਨਾਗਾਲੈਂਡ ਬਾਰੇ ਜਾਣਕਾਰੀ ਦਿੰਦਿਆਂ ਲਿਖਦਾ ਹੈ ਨਾਗਾਲੈਂਡ ਪ੍ਰਮੁੱਖ ਰੂਪ ਵਿਚ ਕਬੀਲਿਆਂ ਦਾ ਹੀ ਸੂਬਾ ਹੈ ਅਤੇ ਇਸ ਵਿਚ ਪ੍ਰਮੁੱਖ 16 ਜਨਜਾਤੀਆਂ ਹਨ। ਨਾਗਾਲੈਂਡ ਦੇ 12 ਜ਼ਿਲ੍ਹੇ ਹਨ ਅਤੇ ਇਨ੍ਹਾਂ ਦੀ ਆਪਣੀ ਆਪਣੀ ਬੋਲੀ ਹੈ। ਲੇਖਕ ਨੇ ਪੁਸਤਕ ਦੇ ਅਗਲੇਰੇ ਭਾਗਾਂ ਵਿਚ ਇਹ ਜਨਜਾਤੀਆਂ ਅਤੇ ਕਬੀਲਿਆਂ ਬਾਰੇ ਪਾਠਾਂ ਦੇ ਰੂਪ ਵਿਚ ਵੇਰਵੇ ਦਰਜ ਕੀਤੇ ਹਨ। ਇਹ ਵੇਰਵੇ ਪਾਠਕ ਲਈ ਬੜੇ ਦਿਲਚਸਪ ਹਨ ਕਿਉਂਕਿ ਇਨ੍ਹਾਂ ਵੇਰਵਿਆਂ ਵਿਚ ਸਥਾਨਕ ਲੋਕਾਂ ਦੁਆਰਾ ਲੋਕ ਕਹਾਣੀਆਂ ਵਰਗੀ ਦਿੱਤੀ ਜਾਣਕਾਰੀ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ। ਜਿਵੇਂ ਨਾਗਾਲੈਂਡ ਨੂੰ ਆਮ ਲੋਕ ਕੇਵਲ ਜੰਗਲੀ ਜਿਹਾ ਸੂਬਾ ਹੀ ਖਿਆਲ ਕਰਦੇ ਹਨ ਇਕ ਸਥਾਨਕ ਵਿਅਕਤੀ ਨਾਰੋ ਅਨੁਸਾਰ ਇਥੋਂ ਦੀ ਸਾਖਰਤਾ ਦੀ ਦਰ 80 ਫ਼ੀਸਦੀ ਹੈ। ਹਰੇਕ ਕਬੀਲੇ ਦਾ ਆਪਣਾ ਇਕ ਵਿਸ਼ੇਸ਼ ਸੱਭਿਆਚਾਰਕ ਵਾਤਾਵਰਨ ਹੈ ਜਿਸ ਬਾਰੇ ਲੇਖਕ ਨੇ ਦਿਲਚਸਪ ਜਾਣਕਾਰੀ ਦੇਣ ਦੇ ਨਾਲ-ਨਾਲ ਇਥੋਂ ਦੀਆਂ ਹੋਰ ਦੇਖਣਯੋਗ ਥਾਵਾਂ ਅਤੇ ਵਿਅਕਤੀਆਂ ਬਾਰੇ ਜਾਣਕਾਰੀ ਪੇਸ਼ ਕੀਤੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611