ਕੇਂਦਰੀ ਯੂਨੀਵਰਸਿਟੀ ਵਿਖੇ 11 ਨੂੰ ਰਾਸ਼ਟਰਪਤੀ ਦੇ ਹੋਣ ਵਾਲੇ ਪ੍ਰੋਗਰਾਮ ਦੇ ਪ੍ਰਬੰਧਾਂ ਦਾ ਡੀ.ਸੀ. ਵਲੋਂ ਜਾਇਜ਼ਾ

ਸੰਗਤ ਮੰਡੀ (ਬਠਿੰਡਾ), 6 ਮਾਰਚ (ਦੀਪਕ ਸ਼ਰਮਾ)-11 ਮਾਰਚ ਨੂੰ ਦੇਸ਼ ਦੇ ਰਾਸ਼ਟਰਪਤੀ ਮੈਡਮ ਦ੍ਰੋਪਦੀ ਮੁਰਮੂ ਵਲੋਂ ਕੇਂਦਰੀ ਯੂਨੀਵਰਸਿਟੀ ਬਠਿੰਡਾ ਘੁੱਦਾ ਵਿਖੇ ਕੰਨਵੋਕੇਸ਼ਨ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ ਉਤੇ ਆ ਰਹੇ ਹਨ। ਰਾਸ਼ਟਰਪਤੀ ਦੇ ਹੋਣ ਵਾਲੇ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਪ੍ਰਸ਼ਾਸਨ ਦੇ ਪੂਰੇ ਅਧਿਕਾਰੀਆਂ ਨੂੰ ਨਾਲ ਲੈ ਕੇ ਪੁੱਜੇ। ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਹਾ ਕਿ ਜ਼ਿਲ੍ਹੇ ਵਿਚ 11 ਮਾਰਚ ਨੂੰ ਦੇਸ਼ ਦੇ ਰਾਸ਼ਟਰਪਤੀ ਵਲੋਂ ਏਮਜ਼ ਹਸਪਤਾਲ ਬਠਿੰਡਾ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਘੁੱਦਾ ਵਿਖੇ ਪਹੁੰਚਣਾ ਹੈ, ਇਸ ਲਈ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਉਥੇ ਪਹੁੰਚਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਗਵਿੰਦਰ ਪ੍ਰਸਾਦ ਤਿਵਾੜੀ ਵੀ ਵਿਸ਼ੇਸ਼ ਤੌਰ ਉਤੇ ਹਾਜ਼ਰ ਰਹੇ।