JALANDHAR WEATHER

06-03-2025

 ਕਾਰਜਵਾਦ

ਮਨੁੱਖ ਆਪਣੇ ਜਨਮ ਤੋਂ ਹੀ ਕੰਮ ਨਾਲ ਜੁੜ ਜਾਂਦਾ ਹੈ। ਕੰਮ ਦਾ ਸੰਬੰਧ ਅਤੇ ਖੇਤਰ ਸਿਰਫ਼ ਰੋਜ਼ੀ-ਰੋਟੀ ਲਈ ਕੀਤੇ ਗਏ ਕੰਮ ਜਾਂ ਨੌਕਰੀ ਤੱਕ ਹੀ ਸੀਮਤ ਨਹੀਂ, ਸਗੋਂ ਹਰੇਕ ਕਿਸਮ ਦੀਆਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਨਾਲ ਹੁੰਦਾ ਹੈ। ਕੰਮ ਦਾ ਖੇਤਰ ਸਿਰਫ਼ ਹੱਥਾਂ, ਪੈਰਾਂ ਤੇ ਸਰੀਰਕ ਤਾਕਤ ਨਾਲ ਕੀਤੇ ਜਾਂਦੇ ਕੰਮਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਮਾਨਸਿਕ ਜਾਂ ਦਿਮਾਗੀ ਤਾਕਤ ਨਾਲ ਹੋਣ ਵਾਲੀਆਂ ਗਤੀਵਿਧੀਆਂ ਵੀ ਕੰਮ ਦੇ ਖੇਤਰ ਵਿਚ ਸ਼ਾਮਿਲ ਹੁੰਦੀਆਂ ਹਨ। ਸਾਡੇ ਦੁਆਰਾ ਕੀਤਾ ਜਾਂਦਾ ਚਿੰਤਨ, ਸੋਚਾਂ ਅਤੇ ਕਲਪਨਾਵਾਂ ਵੀ ਕੰਮ ਕਹਾਉਂਦੀਆਂ ਹਨ। ਜਦੋਂ ਮਨੁੱਖ ਸਰੀਰਕ, ਮਾਨਸਿਕ, ਸਮਾਜਿਕ ਤੇ ਭਾਵਨਾਤਮਿਕ ਰੂਪ ਵਿਚ ਤੰਦਰੁਸਤ ਹੁੰਦਾ ਹੈ, ਤਾਂ ਉਹ ਲਗਾਤਾਰ ਕੋਈ ਨਾ ਕੋਈ ਕੰਮ ਕਰ ਰਿਹਾ ਹੁੰਦਾ ਹੈ। ਮਨੋਵਿਗਿਆਨ ਦੀ ਦੁਨੀਆ ਵਿਚ ਮਨੁੱਖ ਦੇ ਮਨ, ਦਿਮਾਗ਼, ਵਿਵਹਾਰ ਤੇ ਤਜਰਬਿਆਂ ਨੂੰ ਪ੍ਰਮੁੱਖ ਤੌਰ 'ਤੇ ਸਮਝਣ ਦਾ ਯਤਨ ਕੀਤਾ ਹੈ। ਇਸ ਤਰ੍ਹਾਂ ਦੇ ਔਖੇ ਤੇ ਗੁੰਝਲਦਾਰ ਪ੍ਰਸ਼ਨਾਂ ਦੇ ਹੱਲ ਲਈ 'ਕਾਰਜਵਾਦ' ਨੂੰ ਕੇਂਦਰ ਬਿੰਦੂ ਬਣਾਇਆ ਜਾਂਦਾ ਹੈ। ਕਾਰਜਵਾਦ ਵਿਧੀ ਵਿਚ ਮਨੁੱਖ ਦੁਆਰਾ ਕੀਤੇ ਜਾਂਦੇ ਕੰਮਾਂ-ਕਾਰਾਂ ਰਾਹੀਂ ਉਸ ਦੇ ਦਿਮਾਗ਼ ਤੇ ਵਿਹਾਰ ਨੂੰ ਸਮਝਿਆ ਜਾਂਦਾ ਹੈ।

-ਮਨੋਵਿਗਿਆਨਿਕ ਪ੍ਰਯੋਗਸ਼ਾਲਾ
ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)

ਹਰ ਕੰਮ ਸਮੇਂ ਸਿਰ

ਬਾਲ ਸੰਸਾਰ ਮੈਗਜ਼ੀਨ ਵਿਚ ਬੇਅੰਤ ਸਿੰਘ ਦਾ ਆਰਟੀਕਲ ਪੜ੍ਹਿਆ। 'ਹਰ ਕੰਮ ਮਿਹਨਤ ਅਤੇ ਲਗਨ ਨਾਲ ਸਮੇਂ ਸਿਰ ਕਰੋ' ਇਹ ਆਰਟੀਕਲ ਬੱਚਿਆਂ ਨੂੰ ਪ੍ਰੇਰਨਾ ਦੇਣ ਵਾਲਾ ਹੈ। ਵਿਦਿਆਰਥੀ ਜੀਵਨ ਵਿਚ ਸਮੇਂ ਦਾ ਬਹੁਤ ਮਹੱਤਵ ਹੈ। ਜੇਕਰ ਅਸੀਂ ਸਮੇਂ ਦੀ ਕਦਰ ਨਹੀਂ ਕਰਦੇ ਤਾਂ ਪਿੱਛੇ ਰਹਿ ਜਾਵਾਂਗੇ। ਬੱਚਿਆਂ ਨੂੰ ਹਰ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ ਅਤੇ ਸਿਲੇਬਸ ਤੋਂ ਬਾਹਰਲੀਆਂ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ। ਇਸ ਨਾਲ ਗਿਆਨ ਵਿਚ ਅਥਾਹ ਵਾਧਾ ਹੋਵੇਗਾ। ਬੱਚਿਆਂ ਨੂੰ ਬਾਲ ਸੰਸਾਰ ਮੈਗਜ਼ੀਨ ਨਾਲ ਜੁੜਨਾ ਚਾਹੀਦਾ ਹੈ।

-ਰਾਮ ਸਿੰਘ ਪਾਠਕ

ਚਿੱਟੇ ਦਾ ਸਿੱਟਾ

ਨਸ਼ਾ ਸਾਡੇ ਸਮਾਜ ਨੂੰ ਕੋਹੜ ਵਾਂਗ ਖਾ ਰਿਹਾ ਹੈ। ਨਸ਼ੇ ਕਈ ਕਿਸਮ ਦੇ ਹੁੰਦੇ ਹਨ ਜਿਵੇਂ ਚਿੱਟਾ, ਗਾਂਜਾ, ਅਫੀਮ ਆਦਿ। ਚਿੱਟੇ ਨੇ ਘਰਾਂ ਵਿਚ ਸੱਥਰ ਵਿਛਾ ਦਿੱਤੇ ਹਨ। ਅਕਾਲੀ ਰਾਜ ਸਮੇਂ ਇਸ ਦੀ ਅਜਿਹੀ ਜੜ੍ਹ ਲੱਗੀ ਕਿ ਬਾਅਦ ਵਿਚ ਇਹ ਸਾਰੇ ਪੰਜਾਬ ਵਿਚ ਫੈਲ ਗਿਆ। ਨਸ਼ੇ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵੀ ਆਪਣਾ ਜਾਲ ਵਿਛਾ ਲਿਆ ਹੈ। ਸਕੂਲਾਂ ਵਿਚ ਪੜ੍ਹਦੇ ਲੜਕੇ ਲੜਕੀਆਂ ਸਮੇਤ ਕਈ ਖਿਡਾਰੀ ਵੀ ਨਸ਼ੇ ਦੇ ਗੁਲਾਮ ਬਣ ਚੁੱਕੇ ਹਨ। ਨਸ਼ਿਆਂ ਦੀ ਪੂਰਤੀ ਲਈ ਨੌਜਵਾਨ ਚੋਰੀਆਂ, ਡਾਕੇ, ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ।

-ਅਨਿਲ ਕੁਮਾਰ

ਸੂਬੇ ਦੇ ਹਿੱਤ 'ਚ ਨਹੀਂ ਅਕਾਲੀ ਦਲ ਦਾ ਸੰਕਟ

ਦੇਸ਼ ਦੀ ਆਜ਼ਾਦੀ 'ਚ ਅਹਿਮ ਭੂਮਿਕਾ ਨਿਭਾਉਣ ਵਾਲਾ ਅਕਾਲੀ ਦਲ ਅੱਜ ਸੰਕਟ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। ਜਿਸ ਲਈ ਕੋਈ ਹੋਰ ਨਹੀਂ ਸਗੋਂ ਅਕਾਲੀ ਆਗੂ ਖ਼ੁਦ ਜ਼ਿੰਮੇਵਾਰ ਹਨ। ਮੌਜੂਦਾ ਸਮੇਂ ਅਕਾਲੀ ਆਗੂਆਂ ਦੀ ਹਊਮੈ ਤੇ ਬੇਲੋੜੀ ਬਿਆਨਬਾਜ਼ੀ ਹੀ ਪਾਰਟੀ ਨੂੰ ਦਿਨ-ਬ-ਦਿਨ ਕਮਜ਼ੋਰ ਕਰ ਰਹੀ ਹੈ। ਕੋਈ ਸਮਾਂ ਸੀ ਜਦੋਂ ਦੇਸ਼ ਦੀਆਂ ਰਾਜਸੀ ਪਾਰਟੀਆਂ 'ਚ ਅਕਾਲੀ ਦਲ ਦੀ ਪੂਰੀ ਚੜ੍ਹਤ ਸੀ। ਸੰਤ ਫ਼ਤਹਿ ਸਿੰਘ, ਮਾਸਟਰ ਤਾਰਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਤਲਵੰਡੀ, ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਸ. ਪ੍ਰਕਾਸ਼ ਸਿੰਘ ਬਾਦਲ ਵਿਚ ਭਾਵੇਂ ਲੱਖ ਮਤਭੇਦ ਹੋਣ ਦੇ ਬਾਵਜੂਦ ਉਨ੍ਹਾਂ ਨੇ ਹਮੇਸ਼ਾ ਇਕੱਠੇ ਹੋ ਕੇ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੀ ਤੇ ਜਿੱਤਾਂ ਹਾਸਲ ਕੀਤੀਆਂ। ਪਰ ਅਕਾਲੀ ਦਲ ਅੱਜ ਜਿੰਨਾ ਕਮਜ਼ੋਰ ਕਦੇ ਵੀ ਨਹੀਂ ਹੋਇਆ। ਅਕਾਲੀ ਦਲ ਦੇ ਨੇਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਅੱਖੋਂ ਪਰੋਖੇ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਬਜਾਏ ਹੋਰ ਕਮਜ਼ੋਰ ਕਰ ਰਹੇ ਹਨ। ਸਿੱਖ ਰਾਜਨੀਤੀ ਅਕਾਲ ਤਖ਼ਤ ਸਾਹਿਬ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਅਕਾਲੀ ਦਲ ਇਸ ਤੋਂ ਦੂਰ ਨਹੀਂ ਭੱਜ ਸਕਦਾ ਤੇ ਨਾ ਹੀ ਇੱਥੋਂ ਜਾਰੀ ਹੁਕਮਨਾਮਿਆਂ ਨੂੰ ਅੱਖੋਂ ਉਹਲੇ ਕਰ ਸਕਦਾ ਹੈ। ਅਕਾਲੀ ਆਗੂਆਂ ਨੂੰ ਇਹ ਗੱਲ ਬਿਲਕੁਲ ਨਹੀਂ ਭੁੱਲਣੀ ਚਾਹੀਦੀ। ਇਸ ਲਈ ਜੇ ਅਕਾਲੀ ਦਲ ਨੇ ਸਰਵਾਈਵ ਕਰਨਾ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ 2 ਦਸੰਬਰ ਵਾਲੇ ਹੁਕਮਨਾਮੇ 'ਤੇ ਅਮਲ ਕਰਨ। ਇਕ ਮਜ਼ਬੂਤ ਖੇਤਰੀ ਪਾਰਟੀ ਤੋਂ ਬਿਨਾਂ ਕੋਈ ਵੀ ਸੂਬਾ ਤਰੱਕੀ ਨਹੀਂ ਕਰ ਸਕਦਾ। ਅੱਜ ਲੋੜ ਹੈ ਅਕਾਲੀ ਆਗੂ ਆਪਣੀ ਹਊਮੈ ਨੂੰ ਤਿਆਗ ਕੇ ਅਤੇ ਨਿੱਜੀ ਹਿੱਤਾਂ ਨੂੰ ਲਾਂਭੇ ਰੱਖ ਕੇ ਪਾਰਟੀ 'ਚ ਏਕਤਾ ਕਰਨ ਵੱਲ ਉਚੇਚੇ ਉਪਰਾਲੇ ਕਰਨ। ਅਕਾਲੂ ਆਗੂਆਂ ਨੂੰ ਸ. ਬਰਜਿੰਦਰ ਸਿੰਘ ਹਮਦਰਦ ਵਲੋਂ 19 ਫਰਵਰੀ ਨੂੰ ਲਿਖੇ ਐਡੀਟੋਰੀਅਲ 'ਤੇ ਵੀ ਜ਼ਰੂਰ ਝਾਤ ਮਾਰ ਲੈਣੀ ਚਹੀਦੀ ਹੈ ਕਿਉਂਕਿ ਅਕਾਲੀ ਦਲ ਵਿਚਲਾ ਸੰਕਟ ਸੂਬੇ ਦੇ ਹਿੱਤ 'ਚ ਨਹੀਂ ਹੈ।

-ਲੈਕਚਰਾਰ ਅਜੀਤ ਖੰਨਾ
ਐਮ.ਏ., ਐਮ.ਫਿਲ, ਐਮ.੍ਰਜੇ.ਐਮ.ਸੀ. ਬੀ.ਐੱਡ.)