ਗੁ. ਬੋਹੜੀ ਸਾਹਿਬ ਕੋਟ ਖਾਲਸਾ ਵਿਖੇ 51 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਹਿਲੀ ਲੜੀ ਆਰੰਭ

ਛੇਹਰਟਾ (ਅੰਮ੍ਰਿਤਸਰ), 6 ਮਾਰਚ (ਪੱਤਰ ਪ੍ਰੇਰਕ)-2 ਗੁਰੂ ਸਾਹਿਬਾਨ ਜੀ ਦੇ ਚਰਨ ਛੋਹ ਪ੍ਰਾਪਤ ਤੇ ਸੱਚਖੰਡ ਵਾਸੀ ਸੰਤ ਬਾਬਾ ਮਸਤ ਰਾਮ ਜੀ ਦੇ ਭਗਤੀ ਅਸਥਾਨ ਇਤਿਹਾਸਕ ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ ਵਿਖੇ 86ਵਾਂ ਵਿਸ਼ਾਲ ਹੋਲਾ ਮਹੱਲਾ ਸਮਾਗਮ 12,13, 14 ਅਤੇ 15 ਮਾਰਚ 2025 ਨੂੰ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਅੱਜ ਗੁਰਦੁਆਰਾ ਸਾਹਿਬ ਵਿਖੇ ਹੋਲਾ ਮਹੱਲਾ ਸਮਾਗਮਾਂ ਨੂੰ ਸਮਰਪਿਤ 51 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਹਿਲੀ ਲੜੀ ਆਰੰਭ ਹੋਈl ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੀ ਲੜੀ ਆਰੰਭ ਹੋਣ ਤੋਂ ਪਹਿਲਾਂ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀਏ ਜਥਿਆਂ ਵਲੋਂ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਕੀਰਤਨੀ ਜਥਿਆਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਵਿੰਦਰ ਸਿੰਘ ਸੰਧੂ ਤੇ ਹੋਰ ਕਮੇਟੀ ਮੈਂਬਰਾਂ ਵਲੋਂ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪ੍ਰਧਾਨ ਸਵਿੰਦਰ ਸਿੰਘ ਸੰਧੂ ਨੇ ਇਸ ਮੌਕੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਹੋਲਾ ਮਹੱਲਾ ਸਮਾਗਮਾਂ ਨੂੰ ਸਮਰਪਿਤ ਪੰਜ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਨਿਰੰਤਰ ਚੱਲਣਗੀਆਂ ਤੇ ਸੰਗਤਾਂ ਵਲੋਂ ਕਰੀਬ 255 ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਪ੍ਰਧਾਨ ਸੰਧੂ ਨੇ ਦੱਸਿਆ ਕਿ 12 ਤੋਂ 15 ਮਾਰਚ ਤੱਕ ਗੁਰਦੁਆਰਾ ਸਾਹਿਬ ਦੀਵਾਨ ਹਾਲ ਵਿਖੇ ਜੁਗੋ-ਜੁਗ ਅਟੱਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ, ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜੋੜ ਮੇਲੇ ਨੂੰ ਸਮਰਪਿਤ 8ਵਾਂ 2 ਰੋਜ਼ਾ ਵਾਲੀਵਾਲ ਟੂਰਨਾਮੈਂਟ ਬਾਬਾ ਮਸਤ ਰਾਮ ਵਾਲੀਵਾਲ ਸਪੋਰਟਸ ਕਲੱਬ ਪਿੰਡ ਕੋਟ ਖਾਲਸਾ ਵਲੋਂ ਅੱਜ ਤੇ ਕੱਲ 6 ਤੇ 7 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ ਤੇ ਹੋਲਾ ਮਹੱਲਾ ਸਮਾਗਮਾਂ ਸਬੰਧੀ 9 ਮਾਰਚ 2025 ਨੂੰ ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰੇ ਸਿੰਘ ਸਾਹਿਬਾਨ ਜੀ ਦੀ ਅਗਵਾਈ ਵਿਚ ਇਤਿਹਾਸਕ ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਧਾਰਮਿਕ ਦੀਵਾਨਾਂ ਦੀ ਸਮਾਪਤੀ ਉਪਰੰਤ 16 ਮਾਰਚ 2025 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਸਵੇਰੇ 11 ਵਜੇ ਦਸਤਾਰਬੰਦੀ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਇਸ ਮੌਕੇ ਹਰਭਜਨ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਸਰਕਾਰੀਆ ਮੀਤ ਪ੍ਰਧਾਨ, ਕੁਲਵੰਤ ਸਿੰਘ ਸਰਕਾਰੀਆ ਜਨਰਲ ਸਕੱਤਰ, ਪਰਮਿੰਦਰ ਸਿੰਘ ਸੰਧੂ ਸਕੱਤਰ, ਦਵਿੰਦਰ ਸਿੰਘ ਸੰਧੂ ਪ੍ਰਚਾਰ ਸਕੱਤਰ, ਜਥੇ. ਮੇਜਰ ਸਿੰਘ ਸਰਕਾਰੀਆ, ਅਮਨਦੀਪ ਸਿੰਘ ਖਿਆਲੀਆ ਖਜ਼ਾਨਚੀ, ਸੁਰਜਨ ਸਿੰਘ, ਹਰਸਿਮਰਨਦੀਪ ਸਿੰਘ ਸੰਧੂ, ਦਿਲਬਾਗ ਸਿੰਘ ਸਹਿੰਸਰੀਆ, ਬੱਗਾ ਸਿੰਘ, ਮਨਜੀਤ ਸਿੰਘ ਝੰਡ, ਸੁਖਬੀਰ ਸਿੰਘ ਸੋਨੀ, ਸੁਰਜੀਤ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਪਾਲ ਸਿੰਘ ਸੰਧੂ, ਹਰਦਿਆਲ ਸਿੰਘ, ਰਘਬੀਰ ਸਿੰਘ ਸੰਧੂ (ਸਾਰੇ ਮੈਂਬਰ ਕਮੇਟੀ) ਆਦਿ ਹਾਜ਼ਰ ਸਨ।