ਕਿਸਾਨ ਘੋਲਾਂ ਦੇ ਆਗੂ ਭਾਗ ਸਿੰਘ ਕੁਰੜ ਨੂੰ ਦਿੱਤੀ ਅੰਤਿਮ ਵਿਦਾਇਗੀ

ਮਹਿਲ ਕਲਾਂ (ਬਰਨਾਲਾ), 6 ਮਾਰਚ (ਅਵਤਾਰ ਸਿੰਘ ਅਣਖੀ)-ਕਿਸਾਨ ਸੰਘਰਸ਼ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਕਿਯੂ ਡਕੌਂਦਾ ਦੇ ਉੱਘੇ ਆਗੂ ਭਾਗ ਸਿੰਘ ਕੁਰੜ ਅੱਜ ਸੰਗਰਾਮੀ ਕਾਫ਼ਲੇ ਤੋਂ ਵਿਛੜ ਗਏ ਹਨ। ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਸੈਂਕੜੇ ਕਿਸਾਨ, ਹੋਰ ਜਥੇਬੰਦੀਆਂ ਦੇ ਆਗੂ, ਵਰਕਰ ਵੱਡੀ ਗਿਣਤੀ 'ਚ ਸ਼ਾਮਿਲ ਹੋਏ। ਇਸ ਸਮੇਂ ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਉਨ੍ਹਾਂ ਤਿੰਨ ਦਹਾਕੇ ਤੋਂ ਵੱਧ ਸਮਾਂ ਆਗੂ ਰੂਪ ਵਿਚ ਵਡੇਰੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਕਿਸਾਨੀ ਸੰਘਰਸ਼ਾਂ 'ਚ ਅਨੇਕਾਂ ਵਾਰ ਜੇਲ੍ਹ ਗਏ। ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਕਿਹਾ ਕਿ ਉਨ੍ਹਾਂ ਦੇ ਲੋਕ ਸੰਘਰਸ਼ਾਂ 'ਚ ਮਿਸਾਲੀ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਦੌਰਾਨ ਕਾਂਗਰਸ ਦੇ ਆਗੂ ਸਰਬਜੀਤ ਸਿੰਘ ਸਰਬੀ, ਐਡਵੋਕੇਟ ਜਸਵੀਰ ਸਿੰਘ ਖੇੜੀ, ਪ੍ਰਧਾਨ ਗਗਨਦੀਪ ਸਰਾਂ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ।