ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਗੜੇਮਾਰੀ ਦੀ ਮਾਰ ਹੇਠਾਂ ਆਈ ਫ਼ਸਲ ਦਾ ਲਿਆ ਜਾਇਜ਼ਾ

ਰਾਜਾਸਾਂਸੀ, (ਅੰਮ੍ਰਿਤਸਰ), 6 ਮਾਰਚ (ਹਰਦੀਪ ਸਿੰਘ ਖੀਵਾ)- ਬੀਤੇ ਦਿਨੀਂ ਅੰਮ੍ਰਿਤਸਰ ਦੇ ਕਸਬਾ ਰਾਜਾਸਾਂਸੀ ਦੇ ਆਸ ਪਾਸ ਖੇਤਰ ਵਿਚ ਹੋਈ ਭਾਰੀ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ 100 ਫ਼ੀਸਦੀ ਖਰਾਬ ਹੋ ਗਈਆਂ ਸਨ, ਜਿਸ ਕਾਰਨ ਇਲਾਕੇ ਦੇ ਕਿਸਾਨ ਕਾਫ਼ੀ ਪ੍ਰੇਸ਼ਾਨ ਸਨ। ਇਸ ਸੰਬੰਧੀ ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਰਾਜਾਸਾਂਸੀ ਦੇ ਨੇੜਲੇ ਪਿੰਡ ਝੰਜੋਟੀ ਵਿਖੇ ਕਿਸਾਨਾਂ ਦੀਆਂ ਫ਼ਸਲਾਂ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਉਨ੍ਹਾਂ ਕਿਹਾ ਕਿ 90 ਫ਼ੀਸਦੀ ਤੋਂ ਉੱਪਰ ਖਰਾਬ ਫ਼ਸਲਾਂ ਦੀ ਗਿਰਦਾਵਰੀ ਹੋ ਚੁੱਕੀ ਹੈ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਨੂੰ ਸਬਸਿਡੀ ਤੇ ਮੱਕੀ ਤੇ ਮੂੰਗੀ ਦੇ ਬੀਜ ਦਿੱਤੇ ਜਾਣਗੇ ਅਤੇ ਪਸ਼ੂਆਂ ਦਾ ਹਰਾ ਚਾਰਾ ਸਲਾਦ ਦੇ ਰੂਪ ਵਿਚ ਕੱਲ੍ਹ ਤੋਂ ਹੀ ਵੰਡਿਆ ਜਾਵੇਗਾ ਤੇ ਬਣਦਾ ਮੁਆਵਜ਼ਾ ਵੀ ਜਲਦੀ ਹੀ ਦਿੱਤਾ ਜਾਵੇਗਾ।