JALANDHAR WEATHER

ਸਾਰੇ ਬੰਧਕ ਰਿਹਾ ਕਰੋ ਨਹੀਂ ਤਾਂ ਮਾਰੇ ਜਾਵੋਗੇ -ਡੋਨਾਲਡ ਟਰੰਪ ਨੇ ਦਿੱਤੀ ਹਮਾਸ ਨੂੰ ਆਖਰੀ ਚਿਤਾਵਨੀ

ਸਾਨ ਫਰਾਂਸਿਸਸਕੋ, 6 ਮਾਰਚ (ਐਸ.ਅਸ਼ੋਕ. ਭੌਰਾ)- ਤਿੰਨ ਚਾਰ ਦਿਨ ਦੇ ਟੈਰਿਫ ਰੌਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਰੁੱਖ ਇਕ ਵਾਰ ਫਿਰ ਗਾਜ਼ਾ ਪੱਟੀ ਵੱਲ ਕਰ ਲਿਆ ਹੈ। ਰਾਸ਼ਟਰਪਤੀ ਨੇ ਹਮਾਸ ਨੂੰ ਸਾਰੇ ਬੰਦਕਾਂ ਤੁਰੰਤ ਰਿਹਾ ਕਰਨ ਲਈ ਇੱਕ ਆਖਰੀ ਚੇਤਾਵਨੀ ਜਾਰੀ ਕੀਤੀ ਹੈ।ਇਹ ਕਦਮ ਵਾਈਟ ਹਾਊਸ ਵਲੋਂ ਅੱਤਵਾਦੀ ਸਮੂਹ ਨਾਲ ਸਿੱਧੇ ਤੌਰ ‘ਤੇ ਜੰਗਬੰਦੀ ਤੇ ਗੱਲਬਾਤ ਕਰਨ ਦੀ ਪੁਸ਼ਟੀ ਕਰਨ ਤੋਂ ਕੁਝ ਘੰਟਿਆਂ ਬਾਅਦ ਆਇਆ ਹੈ। ਟਰੰਪ ਨੇ ਆਪਣੀ ਚਿਤਾਵਨੀ ਵਿਚ ਕਿਹਾ ਹੈ ਕਿ ਸਾਰੇ ਬੰਧਕਾਂ ਨੂੰ ਹੁਣੇ ਰਿਹਾਅ ਕਰੋ, ਹੁਣ ਹੋਰ ਕੋਈ ਦੇਰੀ ਨਹੀਂ ਚੱਲੇਗੀ। ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਤੁਰੰਤ ਵਾਪਸ ਕਰੋ, ਜਿਨ੍ਹਾਂ ਦੇ ਤੁਸੀਂ ਕਾਤਲ ਹੋ ਨਹੀਂ ਤਾਂ ਹੁਣ ਤੁਹਾਡੇ ਲਈ ਸਭ ਕੁਝ ਖਤਮ ਹੋ ਗਿਆ ਹੈ। ਵਾਈਟ ਹਾਊਸ ਵਿਚ ਰਿਹਾਅ ਕੀਤੇ 8 ਬੰਧਕਾਂ ਨੂੰ ਮਿਲਣ ਤੋਂ ਬਾਅਦ ਅਮਰੀਕਾ ਦਾ ਇਹ ਬਿਆਨ ਆਇਆ ਹੈ। ਟਰੰਪ ਨੇ ਇਹ ਵੀ ਕਿਹਾ ਕਿ ਉਹ ਇਜਰਾਇਲ ਨੂੰ ਆਪਣਾ ਮਿਸ਼ਨ ਪੂਰਾ ਕਰਨ ਲਈ ਹਰ ਮਦਦ ਦੇਵੇਗਾ ਜਿਸ ਦੀ ਲੋੜ ਪਵੇਗੀ ਤੇ ਨਾਲ ਹੀ ਸਖਤ ਸ਼ਬਦਾਂ ’ਚ ਕਿਹਾ ਕਿ ਜੇ ਤੁਸੀਂ ਮੇਰੀ ਇਸ ਚਿਤਾਵਨੀ ਨੂੰ ਸਵੀਕਾਰ ਨਾ ਕੀਤਾ ਤਾਂ ਹਮਾਸ ਦਾ ਇਕ ਵੀ ਮੈਂਬਰ ਜਿਉਂਦਾ ਨਹੀਂ ਬਚੇਗਾ। ਇਜਰਾਇਲ ਵਲੋਂ ਨਵੀਆਂ ਸ਼ਰਤਾਂ ਰੱਖਣ ਨਾਲ ਗਾਜ਼ਾ ਜੰਗਬੰਦੀ ਇਕ ਕੱਚੇ ਧਾਗੇ ਨਾਲ ਲਟਕ ਗਈ ਲੱਗਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਇਜਰਾਇਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਉਸ ਨੇ ਹਮਾਸ ਨਾਲ ਸਿੱਧੀ ਗੱਲਬਾਤ ਕਰਕੇ ਅਮਰੀਕਾ ਨੂੰ ਆਪਣੀ ਸਥਿਤੀ ਦੱਸ ਦਿੱਤੀ ਹੈ। ਡੋਨਾਲਡ ਟਰੰਪ ਨੇ ਇਕ ਸੋਸ਼ਲ ਮੀਡੀਆ ਅਕਾਊਂਟ ’ਤੇ ਗਾਜਾ ਦੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਕ ਖੂਬਸੂਰਤ ਭਵਿੱਖ ਤੁਹਾਡੀ ਉਡੀਕ ਕਰ ਰਿਹਾ ਹੈ ਪਰ ਜੇਕਰ ਤੁਸੀ ਬੰਧਕ ਬਣਾਉਂਦੇ ਹੋ ਤਾਂ ਅਜਿਹਾ ਨਹੀਂ ਹੋਵੇਗਾ ਤੇ ਜੇ ਅਜਿਹਾ ਕਰੋਗੇ ਤਾਂ ਸਮਝ ਲਓ ਤੁਸੀਂ ਮਾਰੇ ਗਏ। ਚੰਗਾ ਇਹ ਹੋਵੇਗਾ ਕਿ ਤੁਸੀਂ ਹੁਣੇ ਬੰਧਕਾਂ ਨੂੰ ਛੱਡ ਦਿਓ ਨਹੀਂ ਤਾਂ ਬਾਅਦ ਵਿਚ ਤੁਸੀਂ ਇਕ ਤਰ੍ਹਾਂ ਨਾਲ ਨਰਕ ਦੇ ਹਿੱਸੇਦਾਰ ਬਣ ਜਾਓਗੇ। ਇਸੇ ਦਰਮਿਆਨ ਇਜਰਾਇਲ ਨੇ ਕਿਹਾ ਹੈ ਕਿ ਉਹ ਗਾਜਾ ਦੀ ਮਨੁੱਖੀ ਸਹਾਇਤਾ ਨੂੰ ਉਦੋਂ ਤੱਕ ਰੋਕੇਗਾ ਜਦੋਂ ਤੱਕ ਹਮਾਸ ਨਵੀਆਂ ਸ਼ਰਤਾਂ ‘ਤੇ ਸਹਿਮਤ ਨਹੀਂ ਹੋ ਜਾਂਦਾ। ਟਰੰਪ ਨੇ ਪਹਿਲਾਂ ਵੀ ਕਿਹਾ ਸੀ ਕਿ ਉਹ ਗਾਜਾ ਨੂੰ ਇਕ ਵੱਡੀ ਰੀਅਲ ਅਸਟੇਟ ਸਾਈਟ ਵਜੋਂ ਦੇਖਦੇ ਹਨ ਤੇ ਇਸ ਨੂੰ ਵਿਕਸਿਤ ਕਰਨ ਦੇ ਮੌਕੇ ਵੀ ਪੈਦਾ ਕਰਨਾ ਚਾਹੁੰਦੇ ਹਨ। ਉਧਰ ਹਮਾਸ ਨੇ ਟਰੰਪ ਦੀਆਂ ਟਿੱਪਣੀਆਂ ਨੂੰ ਗਾਜਾ ਜੰਗ ਤੇ ਬੰਧਕ ਸਮਝੌਤੇ ਨੂੰ ਕਮਜ਼ੋਰ ਕਰਨ ਦੀ ਧਮਕੀ ਕਿਹਾ ਹੈ। ਹਮਾਸ ਦੇ ਬੁਲਾਰੇ ਆਜ਼ਮ ਕਾਸਮ ਨੇ ਕਿਹਾ ਕਿ ਜੰਗਬੰਦੀ ਸਮਝੌਤੇ ਸੰਬੰਧੀ ਮਾਮਲਿਆਂ ਨੂੰ ਗੁੰਝਲਦਾਰ ਬਣਾਉਣਗੀਆਂ ਅਤੇ ਇਜਰਾਇਲ ਸਰਕਾਰ ਨੂੰ ਸਮਝੌਤੇ ਨੂੰ ਲਾਗੂ ਕਰਨ ਤੋਂ ਬਚਣ ਲਈ ਉਤਸਾਹਿਤ ਕਰਨਗੀਆਂ। ਕਾਸਮ ਨੇ ਕਿਹਾ ਕਿ ਹਮਾਸ ਨੇ ਅਮਰੀਕਾ ਦੀ ਵਿਚੋਲਗੀ ਵਾਲੇ ਸਮਝੌਤੇ ਦੇ ਤਹਿਤ ਆਪਣੇ ਪਹਿਲੇ ਪੜਾਅ ਦੀਆਂ ਸਾਰੀਆਂ ਜਿੰਮੇਵਾਰੀਆਂ ਨਿਭਾਅ ਦਿੱਤੀਆਂ ਹਨ ਤੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਦੂਜੇ ਪੜਾਅ ਦੀ ਗੱਲਬਾਤ ਲਈ ਇਜਰਾਇਲ ਨੂੰ ਮਜਬੂਰ ਕਰੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ