
ਸਮਰਾਲਾ (ਲੁਧਿਆਣਾ), 4 ਮਾਰਚ (ਗੋਪਾਲ ਸੋਫਤ) - ਕਿਸਾਨਾਂ ਦੀਆਂ ਮੰਗਾਂ ਸੰਬੰਧੀ ਕੱਲ੍ਹ 3 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਤੇ ਕਿਸਾਨ ਮੋਰਚੇ ਦੀ ਹੋਈ ਮੀਟਿੰਗ ਵਿਚ ਕੋਈ ਫ਼ੈਸਲਾ ਸਿਰੇ ਨਾ ਚੜਨ ਉਪਰੰਤ ਕਿਸਾਨ ਮੋਰਚੇ ਨੇ ਕੱਲ੍ਹ ਤੋਂ ਚੰਡੀਗੜ੍ਹ ਵੱਲ ਕੂਚ ਕਰਨ ਦਾ ਐਲਾਨ ਕੀਤਾ ਸੀ। ਪਰ ਪੁਲਿਸ ਨੇ ਬੀਤੀ ਰਾਤ ਤੋਂ ਹੀ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈਣ ਦੀ ਕਾਰਵਾਈ ਵੱਡੇ ਪੱਧਰ 'ਤੇ ਆਰੰਭ ਕਰ ਦਿੱਤੀ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਅਤੇ ਕਿਸਾਨ ਮੋਰਚੇ ਦੇ ਵੱਡੇ ਚਿਹਰੇ ਬਲਵੀਰ ਸਿੰਘ ਰਾਜੇਵਾਲ ਨੂੰ ਰਾਤੀ ਲਗਭਗ ਢਾਈ ਵਜੇ ਪੁਲਿਸ ਨੇ ਉਨਾਂ ਦੀ ਰਿਹਾਇਸ਼ ਤੋਂ ਹਿਰਾਸਤ ਵਿਚ ਲੈ ਲਿਆ ਹੈ। ਉਨ੍ਹਾਂ ਦੇ ਸਪੁੱਤਰ ਤਜਿੰਦਰ ਸਿੰਘ ਤੇਜੀ ਰਾਜੇਵਾਲ ਨੇ ਦੱਸਿਆ ਕਿ ਰਾਤੀ ਸਥਾਨਕ ਪੁਲਿਸ ਦੀ ਟੀਮ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ, ਪਰ ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲੀ ਕਿ ਉਨ੍ਹਾਂ ਨੂੰ ਕਿੱਥੇ ਲਿਜਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ, ਬਲਾਕ ਪ੍ਰਧਾਨ ਮੋਹਨ ਸਿੰਘ ਬਾਲੀਓ ਅਤੇ ਮਨਪ੍ਰੀਤ ਸਿੰਘ ਘੁਲਾਲ ਸਮੇਤ ਕਈ ਹੋਰ ਕਿਸਾਨ ਆਗੂਆਂ ਨੂੰ ਵੀ ਡਿਟੇਨ ਕੀਤਾ ਹੈ।