
ਮਾਨਸਾ, 4 ਮਾਰਚ (ਬਲਵਿੰਦਰ ਸਿੰਘ ਧਾਲੀਵਾਲ) - ਕਿਸਾਨ ਜਥੇਬੰਦੀਆਂ ਵਲੋਂ ਭਲਕੇ 5 ਮਾਰਚ ਨੂੰ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਮੋਰਚੇ ਨੂੰ ਅਸਫ਼ਲ ਕਰਨ ਲਈ ਪੁਲਿਸ ਵਲੋਂ ਪੰਜਾਬ ਭਰ ’ਚ ਕਿਸਾਨਾਂ ਦੀ ਫੜੋ ਫੜੀ ਜਾਰੀ ਹੈ। ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੂਬਾਈ ਆਗੂ ਗੁਰਨਾਮ ਸਿੰਘ ਭੀਖੀ, ਕਰਨੈਲ ਸਿੰਘ ਮਾਨਸਾ ਤੇ ਕਈ ਹੋਰਾਂ ਨੂੰ ਅੱਜ ਸਵੇਰੇ ਕਿਸਾਨ ਭਵਨ ਚੰਡੀਗੜ੍ਹ ’ਚੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਕਿਸਾਨ ਆਗੂ ਰੁਲਦੂ ਸਿੰਘ ਨੇ ‘ਅਜੀਤ’ ਨਾਲ ਸੰਪਰਕ ਕਰਦਿਆਂ ਸਪੱਸ਼ਟ ਆਖਿਆ ਕਿ ਕਿਸਾਨੀ ਮੁੱਦਿਆਂ ’ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਦੇ ਜ਼ਬਰ ਦੀ ਨਿੰਦਾ ਵੀ ਕੀਤੀ।