JALANDHAR WEATHER

04-03-2025

 ਬੱਚਿਆਂ ਨੂੰ ਰੱਖੋ ਸੋਸ਼ਲ ਮੀਡੀਆ ਤੋਂ ਦੂਰ

ਅੱਜ ਦਾ ਸਮਾਂ ਵਿਗਿਆਨ ਦਾ ਸਮਾਂ ਹੈ। ਵਿਗਿਆਨ ਦੀ ਤਰੱਕੀ ਕਰਕੇ ਦਿਨੋਂ ਦਿਨ ਨਵੀਆਂ-ਨਵੀਆਂ ਖੋਜਾਂ ਹੋ ਰਹੀਆਂ ਹਨ। ਇਕ ਪਾਸੇ ਇਨਸਾਨ ਪੁਲਾੜ ਯਾਤਰਾ ਕਰ ਰਿਹਾ ਹੈ ਤਾਂ ਦੂਜੇ ਪਾਸੇ ਸਮੁੰਦਰ ਦੀਆਂ ਗਹਿਰਾਈਆਂ ਵੀ ਮਾਪ ਰਿਹਾ ਹੈ। ਵਿਗਿਆਨ ਦੀ ਇਸ ਤਰੱਕੀ ਵਿਚ ਇਕ ਨਾਂਅ ਮੋਬਾਈਲ ਦਾ ਵੀ ਆਉਂਦਾ ਹੈ ਜਿਸ ਨੇ ਦੁਨੀਆ ਨੂੰ ਇਕ-ਦੂਜੇ ਦੇ ਨੇੜੇ ਲੈ ਕੇ ਆਉਣ ਦਾ ਕੰਮ ਕੀਤਾ ਹੈ। ਅੱਜ ਮੋਬਾਈਲ ਦੀ ਸਹਾਇਤਾ ਨਾਲ ਪੂਰੇ ਸੰਸਾਰ ਵਿਚ ਗੱਲ ਕੀਤੀ ਜਾ ਸਕਦੀ ਹੈ, ਵੀਡਿਉ ਕਾਲ ਦੇ ਮਾਧਿਅਮ ਰਾਹੀਂ ਗੱਲ ਕਰਦੇ ਸਮੇਂ ਉਸ ਦੀ ਸ਼ਕਲ ਵੀ ਦੇਖੀ ਜਾ ਸਕਦੀ ਹੈ। ਜਿੱਥੇ ਗੂਗਲ ਹਰ ਗੱਲ ਦਾ ਜਵਾਬ ਸਕਿੰਟਾਂ ਵਿਚ ਦੇ ਸਕਦਾ ਹੈ, ਉੱਥੇ ਹੀ ਪੜ੍ਹਾਈ ਵਿਚ ਕੋਈ ਮੁਸ਼ਕਿਲ ਆਉਣ 'ਤੇ ਉਸ ਨੂੰ ਹੱਲ ਵੀ ਕੀਤਾ ਜਾ ਸਕਦਾ ਹੈ। ਜੇਕਰ ਮੋਬਾਈਲ ਦੀ ਵਰਤੋਂ ਸਹੀ ਢੰਗ ਨਾਲ ਕਰੀਏ ਤਾਂ ਇਸ ਤੋਂ ਬਹੁਤ ਲਾਭ ਲਿਆ ਜਾ ਸਕਦਾ ਹੈ, ਪਰੰਤੂ ਅੱਜਕੱਲ੍ਹ ਦੀ ਪੀੜ੍ਹੀ ਪੂਰੀ ਤਰ੍ਹਾਂ ਨਾਲ ਮੋਬਾਈਲ 'ਤੇ ਨਿਰਭਰ ਹੋ ਚੁੱਕੀ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਮੋਬਾਈਲ ਇਨਸਾਨ ਦੇ ਨਾਲ-ਨਾਲ ਰਹਿੰਦਾ ਹੈ ਅੱਜਕੱਲ ਸੋਸ਼ਲ ਮੀਡੀਆ 'ਤੇ ਵਟਸਐਪ, ਇੰਸਟਾਗ੍ਰਾਮ, ਫੇਸਬੁੱਕ, ਸਨੈਪ ਚੈਟ, ਸ਼ੇਅਰ ਚੈਟ ਅਤੇ ਹੋਰ ਬਹੁਤ ਸਾਰੀਆਂ ਮਨੋਰੰਜਕ ਐਪਸ ਮੌਜੂਦ ਹਨ, ਪਰ ਸਭ ਤੋਂ ਜ਼ਿਆਦਾ ਅੱਜ ਰੀਲਾਂ ਦਾ ਚਲਣ ਮੌਜੂਦ ਹੈ। ਇਕ ਰੀਲ ਦੇਖਦੇ ਹੀ ਅਗਲੀ ਰੀਲ ਸਾਹਮਣੇ ਆ ਜਾਂਦੀ ਹੈ। ਪੰਦ੍ਹਰਾਂ-ਵੀਹ ਸਕਿੰਟ ਦੀ ਇਕ ਰੀਲ ਦੇਖਦੇ-ਦੇਖਦੇ ਕਦੋਂ ਕਈ ਘੰਟੇ ਇਸ ਗਤੀਵਿਧੀ ਵਿਚ ਲੰਘ ਜਾਂਦੇ ਹਨ, ਪਤਾ ਹੀ ਨਹੀਂ ਚੱਲਦਾ। ਇਸ ਨਾਲ ਜਿੱਥੇ ਕੀਮਤੀ ਸਮਾਂ ਖਰਾਬ ਹੁੰਦਾ ਹੈ ਉੱਥੇ ਹੀ ਪੜ੍ਹਾਈ ਕਰਨ ਵਿਚ ਇਕਾਗਰਤਾ ਦੀ ਕਮੀ ਆਉਣਾ, ਨਾਕਾਰਤਮਕ ਊਰਜਾ ਦਾ ਵਧਣਾ, ਸਿਰਦਰਦ, ਸਰਵਾਈਕਲ ਅਤੇ ਚਿੜਚਿੜਾਪਣ ਵੀ ਵਧਦਾ ਹੈ। ਮਨੋਵਿਗਿਆਨੀਆਂ ਅਨੁਸਾਰ ਇਸ ਸਭ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿਚ ਰੁੱਝਿਆ ਰੱਖਣਾ ਬਹੁਤ ਜ਼ਰੂਰੀ ਹੈ ਜਿਸ ਵਿਚ ਕਿਤਾਬਾਂ ਪੜ੍ਹਨਾ, ਮੈਦਾਨ ਵਿਚ ਖੇਡਣਾ, ਕਸਰਤ ਕਰਨਾ, ਬਾਗਬਾਨੀ ਕਰਨਾ ਜਾਂ ਘਰ ਦੇ ਕੰਮਾਂ ਵਿਚ ਮਦਦ ਕਰਨਾ ਸ਼ਾਮਿਲ ਹਨ। ਨਾਲੋਂ ਨਾਲ ਬੱਚਿਆਂ ਨੂੰ ਰੀਲਾਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਣਾ ਅਤੇ ਇਸ ਨਾਲ ਹੁੰਦੇ ਨੁਕਸਾਨ ਬਾਰੇ ਦੱਸਣਾ ਅਤਿਅੰਤ ਜ਼ਰੂਰੀ ਹੈ। ਇਸ ਦੇ ਨਾਲ ਹੀ ਸਾਡੇ ਦੇਸ਼ ਵਿਚ ਵੀ ਅਜਿਹੇ ਕਾਨੂੰਨ ਬਣਾਏ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵ ਤੋਂ ਬਚਾਇਆ ਜਾ ਸਕੇ।

-ਪ੍ਰਿੰਸ ਅਰੋੜਾ

ਨਮੋਸ਼ੀ ਭਰੀ ਵਾਪਸੀ

ਅਮਰੀਕਾ ਵਲੋਂ ਨਾਟਕੀ ਅਤੇ ਹਾਸੋਹੀਣੇ ਤਰੀਕੇ ਨਾਲ ਗੈਰ ਕਾਨੂੰਨੀ ਪਰਵਾਸੀਆਂ ਨੂੰ ਗ਼ੈਰ ਮਨੁੱਖੀ ਤਰੀਕੇ ਨਾਲ ਵਾਪਿਸ ਕੀਤਾ ਗਿਆ ਹੈ। ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਉਨ੍ਹਾਂ ਨੇ ਇਹ ਸਭ ਆਪਣੇ ਦੇਸ਼ ਦੇ ਹਿੱਤ ਵਿਚ ਕੀਤਾ ਹੈ। ਟਰੰਪ ਦਾ ਚੋਣ ਵਾਅਦਾ ਵੀ ਸੀ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਕੀਤਾ ਜਾਵੇਗਾ। ਉਨ੍ਹਾਂ ਕਰ ਦਿਖਾਇਆ। ਇਸ ਵਰਤਾਰੇ ਤੋਂ ਭਾਰਤ ਨੂੰ ਸਿੱਖਣ ਦੀ ਲੋੜ ਹੈ।
ਭਾਰਤੀ ਗੈਰ ਕਾਨੂੰਨੀ ਪ੍ਰਵਾਸ ਕਿਉਂ ਕਰਦੇ ਹਨ? ਇਸ ਵਿਸ਼ੇ ਦੀ ਤਹਿ ਤੱਕ ਜਾਣ ਦੀ ਲੋੜ ਹੈ ਤਾਂ ਜੋ ਅੱਗੇ ਲਈ ਕੋਈ ਹੱਲ ਕੀਤਾ ਜਾ ਸਕੇ। ਇਸ ਤੋਂ ਪਹਿਲਾਂ 2017-18 ਵਿਚ ਕੈਨੇਡਾ ਗਏ।
700 ਵਿਦਿਆਰਥੀਆਂ ਨੂੰ ਵਾਪਸ ਜਾਣ ਦੇ ਨੋਟਿਸ ਮਿਲੇ ਸਨ ਤਾਂ ਉਦੋਂ ਹਾਹਾਕਾਰ ਮੱਚ ਗਈ ਸੀ। ਜੇਕਰ ਇਸ ਤੋਂ ਸਬਕ ਲਿਆ ਹੁੰਦਾ ਤਾਂ ਅਮਰੀਕਾ ਵਾਲੀ ਇਹ ਨੌਬਤ ਨਾ ਆਉਂਦੀ। ਹੁਣ ਵੀ ਪ੍ਰਵਾਸ ਦੀ ਆਸ ਵਿਚ ਬੈਠੇ ਪੰਜਾਬੀਆਂ ਨੂੰ ਸੋਚ-ਵਿਚਾਰ ਕੇ ਹੀ ਫ਼ੈਸਲਾ ਲੈਣਾ ਚਾਹੀਦਾ ਹੈ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਸੁਚੱਜੀ ਪਹੁੰਚ ਦੀ ਲੋੜ

ਅਮਰੀਕੀ ਪ੍ਰਸ਼ਾਸਨ ਦੇ ਨਵੇਂ ਕਠੋਰ ਨਿਯਮਾਂ ਦੀ ਬਲੀ ਚੜ੍ਹ ਕੇ ਵਾਪਸ ਪਰਤੇ ਨੌਜਵਾਨਾਂ ਲਈ ਇਹ ਸਮਾਂ ਬੇਹੱਦ ਦੁਖਦਾਇਕ ਹੈ. ਆਪਣਾ ਸਭ ਕੁਝ ਦਾਅ 'ਤੇ ਲਗਾ ਕੇ ਖਾਲੀ ਹੱਥ ਪਰਤੇ ਇਹ ਲੋਕ ਆਰਥਿਕ ਤੌਰ 'ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਸੁਨਹਿਰੀ ਭਵਿੱਖ ਦੀ ਆਸ ਵਿਚ ਆਪਣਾ ਵਰਤਮਾਨ ਵੀ ਗੁਆ ਚੁੱਕੇ ਇਨ੍ਹਾਂ ਪਰਿਵਾਰਾਂ ਨੂੰ ਹੁਣ ਸਹਾਰੇ ਦੀ ਲੋੜ ਹੈ। ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਖੁੱਲ੍ਹੇ ਦਿਲ ਨਾਲ ਅੱਗੇ ਵਧ ਕੇ ਇਨ੍ਹਾਂ ਦੀ ਬਾਂਹ ਫੜਨੀ ਚਾਹੀਦੀ ਹੈ। ਆਰਥਿਕ ਪੱਖੋਂ ਬੁਰੀ ਤਰ੍ਹਾਂ ਡਾਵਾਂਡੋਲ ਹੋਣ ਕਾਰਨ ਮਾਨਸਿਕ ਤੌਰ 'ਤੇ ਵੀ ਇਹ ਪਰਿਵਾਰ ਟੁੱਟ ਕੇ ਬੇਹੱਦ ਪ੍ਰੇਸ਼ਾਨੀ ਵਾਲੇ ਆਲਮ ਵਿਚੋਂ ਗੁਜ਼ਰ ਰਹੇ ਹਨ। ਸੋ ਇਨ੍ਹਾਂ ਦੀ ਮਨੋਦਸ਼ਾ ਨੂੰ ਸਮਝਦਿਆਂ ਤਤਕਾਲੀ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਦਬਾਅ ਹੇਠ ਇਹ ਹੋਰ ਕੋਈ ਗ਼ਲਤ ਦਿਸ਼ਾ ਵੱਲ ਨਾ ਚਲੇ ਜਾਣ। ਸਰਕਾਰਾਂ ਨੂੰ ਇਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਹੋਰ ਬਿਹਤਰ ਨੀਤੀਆਂ 'ਤੇ ਵੀ ਧਿਆਨ ਦੇਣਾ ਪਵੇਗਾ ਤਾਂ ਕਿ ਵਿਦੇਸ਼ਾਂ ਦੀ ਖਿੱਚ ਛੱਡ ਨੌਜਵਾਨੀ ਇੱਥੇ ਹੀ ਕੰਮ ਕਰਨ ਨੂੰ ਤਰਜੀਹ ਦੇਵੇ। ਨਾਲ ਹੀ ਗੈਰ ਕਾਨੂੰਨੀ ਪ੍ਰਵਾਸ ਵਿਚ ਸ਼ਾਮਿਲ ਠੱਗ ਏਜੰਟਾਂ ਨੂੰ ਵੀ ਕਰੜੇ ਹੱਥੀਂ ਲੈਣਾ ਚਾਹੀਦਾ ਹੈ।

-ਬਲਜਿੰਦਰ ਸਿੰਘ ਸਮਾਘ
ਕੋਟਕਪੂਰਾ।

ਡਾ. ਅਮਰਜੀਤ ਮਰਵਾਹ ਦਾ ਵਿਛੋੜਾ

ਡਾਕਟਰ ਅਮਰਜੀਤ ਸਿੰਘ ਸੰਪੂਰਨ ਗੁਰਸਿਖ ਸਨ, ਉਨ੍ਹਾਂ ਦੀਆਂ ਮਹਾਨ ਪ੍ਰਾਪਤੀਆਂ ਹਨ, ਉਨ੍ਹਾਂ ਦਾ ਜਨਮ ਕੋਟਕਪੂਰਾ ਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦਾ ਪੋਰਟਰੇਟ ਕੇਂਦਰੀ ਸਿੱਖ ਅਜਾਇਬ ਘਰ, ਅੰਮ੍ਰਿਤਸਰ ਵਿਖੇ ਲਗਾਵੇ। ਮੋਦੀ ਸਰਕਾਰ ਨੂੰ ਉਨ੍ਹਾਂ ਨੂੰ ਪਦਮ ਸ੍ਰੀ ਅਵਾਰਡ ਨਾਲ ਨਿਵਾਜੇ। ਪੰਜਾਬ ਸਰਕਾਰ ਉਨ੍ਹਾਂ ਦੇ ਜਨਮ ਪਿੰਡ ਕੋਟਕਪੂਰਾ ਦਾ ਨਾਂਅ ਉਨ੍ਹਆਂ ਦੇ ਨਾਂਅ 'ਡਾਕਟਰ ਅਮਰਜੀਤ ਸਿੰਘ ਮਰਵਾਹ ਵਾਲੇ' ਰੱਖੇ ਤੇ ਇਸ ਬਾਰੇ ਭਾਰਤ ਸਰਕਾਰ ਨੂੰ ਇਸ ਨਗਰ ਦਾ ਨਾਂ ਉਨ੍ਹਾਂ ਦੇ ਨਾਂਅ 'ਤੇ ਰੱਖਣ ਲਈ ਪੱਤਰ ਲਿਖੇ ਤੇ ਭਾਰਤ ਸਰਕਾਰ ਦੀ ਪ੍ਰਵਾਨਗੀ ਲਵੇ। ਮੇਰੇ ਲਿਖਣ ਤੇ ਚਾਰਾਜੋਈ ਕਰਨ, ਹਾਕੀ ਦੀ ਉਲੰਪੀਅਨ ਕਪਤਾਨ ਸੁਰਜੀਤ ਸਿੰਘ ਦੇ ਜਨਮ ਪਿੰਡ ਦਾਖਲਾ ਤਹਿਸੀਲ ਬਟਾਲਾ ਜ਼ਿਲਾ ਗੁਰਦਾਸਪੁਰ ਦਾ ਦਾਖਲ ਤੋਂ ਬਦਲ ਕੇ ਉਨ੍ਹਾਂ ਦੇ ਨਾਂਅ ਸੁਰਜੀਤ ਸਿੰਘ ਵਾਲਾ ਰੱਖਿਆ ਗਿਆ।

-ਨਰਿੰਦਰ ਸਿੰਘ
ਇੰਟਰਨੈਸ਼ਨਲ ਸਮਾਜ ਸੇਵੀ
ਚੰਡੀਗੜ੍ਹ