
ਡੇਰਾ ਬਾਬਾ ਨਾਨਕ (ਗੁਰਦਾਸਪੁਰ), 4 ਮਾਰਚ (ਹੀਰਾ ਸਿੰਘ ਮਾਂਗਟ) - ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੋਲਾ ਸਾਹਿਬ ਦਾ ਮੇਲਾ ਵੇਖਣ ਆਏ ਨੌਜਵਾਨ ਦੀ ਕਰਤਾਰਪੁਰ ਕੋਰੀਡੋਰ ਵਿਖੇ ਸੜਕ ਹਾਦਸਾ ਹੋਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਅਰਸ਼ਦੀਪ ਸਿੰਘ ਜੋ ਕਿ ਪਿੰਡ ਦਾਲਮ ਦਾ ਰਹਿਣ ਵਾਲਾ ਹੈ, ਆਪਣੀ ਭੈਣ ਦੇ ਕੋਲ ਪਿੰਡ ਮਾਨ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੋਲਾ ਸਾਹਿਬ ਦਾ ਮੇਲਾ ਵੇਖਣ ਆਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਦ ਅਰਸ਼ਦੀਪ ਸਿੰਘ ਦੇਰ ਰਾਤ ਆਪਣੇ ਮੋਟਰਸਾਈਕਲ 'ਤੇ ਕਰਤਾਰਪੁਰ ਕੋਰੀਡੋਰ ਉੱਪਰ ਜਾ ਰਿਹਾ ਸੀ ਤਾਂ ਉੱਥੇ ਮੋਟਰਸਾਈਕਲਾਂ ਨਾਲ ਸਟੰਟ ਕਰ ਰਹੇ ਨੌਜਵਾਨਾਂ ਵਲੋਂ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰੇ ਜਾਣ ਨਾਲ ਅਰਸ਼ਦੀਪ ਦੀ ਮੌਤ ਹੋ ਗਈ।